ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੂਨ
ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ, ਵਧੀਕ ਜ਼ਿਲ੍ਹਾ ਮੈਜਿਸਟਰੇਟ ਕੰਚਨ ਨੇ 3 ਜੂਨ ਨੂੰ ਰਾਤੀ 12:00 ਵਜੇ ਤੋਂ 4 ਜੂਨ ਰਾਤੀ 12 ਵਜੇ ਤੱਕ ਡਰਾਈ ਡੇਅ ਐਲਾਨ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਕਤ ਪਾਬੰਦੀ ਵਾਲੇ ਸਮੇਂ ਦੌਰਾਨ ਚੋਣਾਂ ਵਾਲੇ ਖੇਤਰ ਵਿੱਚ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜ਼ੀ) ਹੋਟਲ, ਦੁਕਾਨ, ਰੈਸਤਰਾਂ, ਕਲੱਬ, ਬੀਅਰ ਬਾਰ, ਅਹਾਤੇ ਜਿਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ, ਪਿਲਾਉਣ, ਸਟੋਰ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਹੈ।
ਅੱਗੇ ਇਹ ਵੀ ਕਿਹਾ ਗਿਆ ਹੈ ਕਿ ਮੁੱਖ ਚੋਣਕਾਰ ਅਫ਼ਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਦੀ 4 ਜੂਨ ਨੂੰ ਹੋਣ ਵਾਲ਼ੀ ਗਿਣਤੀ ਦੇ ਮੱਦੇਨਜ਼ਰ ਲੋਕ ਸ਼ਾਂਤੀ ਹਿੱਤ ਨਸ਼ਾਬੰਦੀ ਐਲਾਨਣ ਲਈ ਲਿਖਿਆ ਹੈ, ਕਿਉਂਕਿ ਚੋਣਾਂ ਦੌਰਾਨ ਸ਼ਰਾਬ ਦੀ ਚੋਰੀ ਅਤੇ ਲੀਕੇਜ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਸ਼ਾਂਤਮਈ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਦਾ ਕੰਮ ਮੁਕੰਮਲ ਕਰਾਉਣ ਲਈ ਨਸ਼ਾਬੰਦੀ ਦਾ ਐਲਾਨ ਕੀਤਾ ਜਾਣਾ ਜ਼ਰੂਰੀ ਹੈ।