ਗੁਹਾਟੀ, 3 ਜੂਨ
ਅਸਾਮ ਵਿੱਚ ਹੜ੍ਹਾਂ ਕਾਰਨ ਜਿੱਥੇ ਪੰਜ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਉੱਥੇ ਹੋਰ ਕਈ ਇਲਾਕਿਆਂ ਵਿੱਚ ਹੜ੍ਹਾਂ ਦਾ ਪਾਣੀ ਵੜ ਗਿਆ। ਹਾਲਾਂਕਿ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਗਿਣਤੀ ਘਟ ਗਈ ਹੈ। ਸਰਕਾਰੀ ਬੁਲੇਟਿਨ ਮੁਤਾਬਕ ਨਦੀਆਂ ’ਚ ਪਾਣੀ ਦਾ ਪੱਧਰ ਵਧ ਗਿਆ ਜਦਕਿ ਪ੍ਰਭਾਵਿਤ ਲੋਕਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਅਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਐਤਵਾਰ ਰਾਤ ਸਮੇਂ ਜਾਰੀ ਬੁਲੇਟਿਨ ਮੁਤਾਬਕ ਹੜ੍ਹਾਂ ਕਾਰਨ 13 ਜ਼ਿਲ੍ਹਿਆਂ ਵਿੱਚ 6.25 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਕਛਾਰ ਤੇ ਨਾਗਾਓਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਹੜ੍ਹ ਤੇ ਤੂਫ਼ਾਨ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ। ਸੂਬੇ ਦੀਆਂ ਮੁੱਖ ਨਦੀਆਂ- ਕੋਪਿਲੀ, ਬਾਰਕ ਅਤੇ ਖੁਸ਼ੀਆਰਾ ਖ਼ਤਰੇ ਦੇ ਪੱਧਰ ਤੋਂ ਲਗਾਤਾਰ ਉੱਪਰ ਵਹਿ ਰਹੀਆਂ ਹਨ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਨਾਗਾਓਂ ਹੈ, ਜਿੱਥੇ 3,03,567 ਲੋਕ ਪ੍ਰਭਾਵਿਤ ਹੋਏ ਹਨ ਜਿਸ ਤੋਂ ਬਾਅਦ ਕਛਾਰ ਵਿੱਚ 1,09,798 ਅਤੇ ਹੋਜਾਈ ਵਿੱਚ 86,382 ਲੋਕ ਪ੍ਰਭਾਵਿਤ ਹੋਏ ਹਨ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੱਗੇ 193 ਰਾਹਤ ਕੈਂਪਾਂ ਵਿੱਚ 39,000 ਲੋਕ ਸ਼ਰਨ ਲੈ ਰਹੇ ਹਨ। ਇਸ ਤੋਂ ਇਲਾਵਾ 82 ਰਾਹਤ ਕੇਂਦਰਾਂ ਵਿੱਚ ਵੀ ਕੰਮ ਚੱਲ ਰਿਹਾ ਹੈ। ਇਸ ਦੌਰਾਨ ਐੱਨਡੀਆਰਐੱਫ, ਐੱਸਡੀਆਰਐੱਫ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਬਚਾਅ ਤੇ ਰਾਹਤ ਕਾਰਜ ਜਾਰੀ ਹਨ ਜਦਕਿ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਟੀਮਾਂ ਵੀ ਲਗਾਤਾਰ ਕੰਮ ਕਰ ਰਹੀਆਂ ਹਨ। -ਪੀਟੀਆਈ