ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਜੂਨ
ਗਰਮੀ ਕਾਰਨ ਮੰਡੀ ’ਚ ਫਲ਼ਾਂ ਅਤੇ ਸਬਜ਼ੀਆਂ ਦੀ ਆਮਦ ਘਟਣ ਕਾਰਨ ਇਨ੍ਹਾਂ ਦੇ ਭਾਅ ਅਸਮਾਨ ਨੂੰ ਛੂਹਣ ਲੱਗ ਪਏ ਹਨ। ਫਲਾਂ ਅਤੇ ਸਬਜ਼ੀਆਂ ਦੇ ਭਾਅ ’ਚ ਆਈ ਤੇਜ਼ੀ ਕਾਰਨ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣ ਲੱਗੇ ਹਨ। ਅਜਿਹੇ ’ਚ ਕਈ ਲੋਕ ਫ਼ਲ ਖ਼ਰੀਦਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਇਨ੍ਹੀਂ ਦਿਨੀਂ ਆਮ ਲੋਕ ਫ਼ਲ ਘੱਟ ਹੀ ਖ਼ਰੀਦ ਰਹੇ ਹਨ। ਜਿਨ੍ਹਾਂ ਦੇ ਘਰ ਵਿਆਹ ਜਾਂ ਕੋਈ ਹੋਰ ਸਮਾਜਿਕ ਸਮਾਗਮ ਹੈ , ਉਹ ਲੋਕ ਹੀ ਜ਼ਿਆਦਾਤਰ ਫ਼ਲ ਖ਼ਰੀਦ ਰਹੇ ਹਨ ਜਾਂ ਜੂਸ ਦੀਆਂ ਰੇਹੜੀਆਂ ਵਾਲੇ ਫ਼ਲ ਖ਼ਰੀਦ ਰਹੇ ਹਨ। ਗਰਮੀ ਕਾਰਨ ਨਿੰਬੂ ਦਾ ਭਾਅ ਵੀ ਤੇਜ਼ ਹੈ। ਨਿੰਬੂ 120 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਲੋਕ ਨਿੰਬੂ ਖ਼ਰੀਦ ਤਾਂ ਰਹੇ ਹਨ ਪਰ ਘੱਟ ਮਾਤਰਾ ਵਿੱਚ। ਫ਼ਲ ਵਿਕਰੇਤਾ ਮੁਹੰਮਦ ਰਿਜ਼ਵਾਨ ਨੇ ਦੱਸਿਆ ਕਿ ਸਥਾਨਕ ਪੱਧਰ ’ਤੇ ਫਲ਼ਾਂ ਦੀ ਆਮਦ ਨਹੀਂ ਹੈ। ਗਰਮੀਆਂ ਕਾਰਨ ਬਾਹਰਲੇ ਸੂਬਿਆਂ ਤੋਂ ਫਲ਼ਾਂ ਦੀ ਆਮਦ ਘਟ ਗਈ ਹੈ ਤੇ ਮੰਗ ਵਧ ਗਈ ਹੈ, ਜਿਸ ਕਾਰਨ ਫਲ਼ਾਂ ਦੇ ਭਾਅ ’ਚ ਤੇਜ਼ੀ ਆਈ ਹੈ। ਫਲ਼ਾਂ ਦੀਆਂ ਕੀਮਤਾਂ ਵਧਣ ਕਾਰਨ ਗਾਹਕ ਵੀ ਘੱਟ ਆ ਰਿਹਾ ਹੈ। ਉਸ ਨੇ ਦੱਸਿਆ ਕਿ ਖ਼ਰਬੂਜ਼ੇ ਅਤੇ ਤਰਬੂਜ਼ ਦੀ ਆਮਦ ਸਥਾਨਕ ਹੋਣ ਕਾਰਨ ਇਨ੍ਹਾਂ ਦਾ ਭਾਅ ਗਾਹਕ ਦੀ ਪਹੁੰਚ ’ਚ ਹੈ, ਜਿਸ ਨੂੰ ਗਾਹਕ ਕਾਫ਼ੀ ਮਾਤਰਾ ’ਚ ਖ਼ਰੀਦ ਰਿਹਾ ਹੈ। ਉਸ ਨੇ ਦੱਸਿਆ ਕਿ ਮੰਡੀ ਵਿੱਚ ਆਲੂ ਬੁਖ਼ਾਰੇ ਦਾ ਭਾਅ 200 ਰੁਪਏ ਪ੍ਰਤੀ ਕਿਲੋ, ਲੀਚੀ 200 ਰੁਪਏ, ਅਨਾਰ 200-250 ਰੁਪਏ ਅੰਗੂਰ 120-150 ਰੁਪਏ,ਸੇਬ 200-250 ਰੁਪਏ,ਅੰਬ 100-120 ਰੁਪਏ, ਮੌਸਮੀ ਦਾ 80 ਰੁਪਏ ਪ੍ਰਤੀ ਕਿਲੋ ਭਾਅ ਹੈ ਅਤੇ ਨਾਰੀਅਲ ਦਾ 70-80 ਰੁਪਏ ਪ੍ਰਤੀ ਨਗ ਹੈ। ਸਬਜ਼ੀ ਵਿਕਰੇਤਾ ਮੁਹੰਮਦ ਸ਼ਮਸ਼ਾਦ ਨੇ ਦੱਸਿਆ ਕਿ ਗਰਮੀ ਵਧਣ ਨਾਲ ਆਲੂ ਅਤੇ ਪਿਆਜ਼ ਦੇ ਭਾਅ ਵਧਣ ਲੱਗੇ ਹਨ। ਆਉਣ ਵਾਲੇ ਦਿਨਾਂ ’ਚ ਆਲੂ ਤੇ ਪਿਆਜ਼ ਦਾ ਭਾਅ ਵਧ ਸਕਦਾ ਹੈ। ਕੋਲਡ ਸਟੋਰੇਜ ਵਾਲੇ ਆਲੂ ਮਹਿੰਗੇ ਹੋ ਜਾਣਗੇ। ਉਸ ਨੇ ਦੱਸਿਆ ਕਿ ਲਸਣ ਦਾ ਭਾਅ 200 ਰੁਪਏ ਪ੍ਰਤੀ ਕਿਲੋ, ਅਦਰਕ 200ਰੁਪਏ, ਨਿੰਬੂ 120 ਰੁਪਏ ਕਿਲੋ, ਲੋਭੀਆ 60 ਰੁਪਏ, ਸ਼ਿਮਲਾ ਮਿਰਚ 60 ਰੁਪਏ ਕਿਲੋ, ਅਰਬੀ ਦਾ 40 ਰੁਪਏ ਪ੍ਰਤੀ ਕਿੱਲੋ ਭਾਅ ਹੈ। ਇਨ੍ਹੀਂ ਦਿਨੀਂ ਸਥਾਨਕ ਮੌਸਮੀ ਸਬਜ਼ੀਆਂ ਘੀਆ, ਕੱਦੂ, ਤੋਰੀ, ,ਪੇਠਾ ,ਖੀਰਾ, ਤਰ ਆਦਿ ਦੀ ਭਰਪੂਰ ਆਮਦ ਕਰਕੇ ਇਹ ਸਬਜ਼ੀਆਂ ਸਸਤੀਆਂ ਹਨ।