ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਜੂਨ
ਪਿੰਡ ਉਦੈਕਰਨ ਦਾ ਰੇਲਵੇ ਫਾਟਕ ਲੰਬਾ ਸਮਾਂ ਬੰਦ ਰਹਿਣ ਕਰਕੇ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਇਹ ਫਾਟਕ, ਪਿੰਡ ਉਦੈਕਰਨ, ਚੌਂਤਰਾ, ਬਾਹਮਣਵਾਲਾ ਤੇ ਸੰਗਰਾਣਾ ਆਦਿ ਦਰਜਨ ਭਰ ਪਿੰਡਾਂ ਨੂੰ ਮੁਕਤਸਰ ਸ਼ਹਿਰ ਨਾਲ ਜੋੜਦਾ ਹੈ। ਇਹ ਫਾਟਕ ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਹੈ ਪਰ ਇਸਦੀ ਬੰਦੀ ਸ਼ਹਿਰ ਦੇ ਫਾਟਕਾਂ ਦੇ ਬਰਾਬਰ ਹੀ ਕੀਤੀ ਜਾਂਦੀ ਹੈ। ਲੋਕਾਂ ਦੀ ਮੰਗ ਹੈ ਕਿ ਇਸ ਫਾਟਕ ਨੂੰ ਉਸ ਵੇਲੇ ਬੰਦ ਕੀਤਾ ਜਾਵੇ ਜਦੋਂ ਰੇਲ ਗੱਡੀ ਮੁਕਤਸਰ ਦੇ ਰੇਲਵੇ ਸਟੇਸ਼ਨ ਤੋਂ ਚੱਲ ਪਵੇ ਪਰ ਅਕਸਰ ਹੁੰਦਾ ਇਹ ਹੈ ਕਿ ਉਦੈਕਰਨ ਦਾ ਫਾਟਕ ਉਸ ਵੇਲੇ ਹੀ ਬੰਦ ਕਰ ਦਿੱਤਾ ਜਾਂਦਾ ਹੈ ਜਦੋਂ ਫਾਜ਼ਿਲਕਾ ਵੱਲੋਂ ਆਉਣ ਵਾਲੀ ਗੱਡੀ ਅਜੇ ਮੁਕਤਸਰ ਦੇ ਰੇਲਵੇ ਸਟੇਸ਼ਨ ’ਤੇ ਪੁੱਜੀ ਵੀ ਨਹੀਂ ਹੁੰਦੀ। ਇਸ ਤਰ੍ਹਾਂ ਕਈ ਵਾਰ ਤਾਂ ਘੰਟੇ ਤੱਕ ਵੀ ਫਾਟਕ ਬੰਦ ਰਹਿੰਦਾ ਹੈ। ਤਿੱਖੀ ਧੁੱਪ ’ਚ ਲੋਕਾਂ ਨੂੰ ਸੜਕ ਉਪਰ ਬਿਨਾਂ ਕਿਸੇ ਛਾਂ ਦੇ ਖੜ੍ਹਨਾ ਪੈਂਦਾ ਹੈ। ਸਥਾਨਕ ਵਾਸੀਆਂ ਅਤੇ ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਉਹ ਕਈ ਵਾਰ ਸਥਾਨਕ ਰੇਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਕਿ ਫਾਟਕ ਲਉਣ ਦਾ ਸਮਾਂ ਨਿਸ਼ਚਿਤ ਹੋਣਾ ਜ਼ਰੂਰੀ ਹੈ ਪਰ ਕੋਈ ਅਧਿਕਾਰੀ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਰੇਲਵੇ ਪ੍ਰਸ਼ਾਸਨ ਨੇ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਤੇ ਉਚ ਅਧਿਕਾਰੀਆਂ ਤੱਕ ਪਹੁੰਚ ਕਰਨ ਲਈ ਮਜਬੂਰ ਹੋਣਗੇ।