ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਜੂਨ
ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਸਿੱਖ ਗੁਰਦੁਆਰਿਆਂ ’ਤੇ ਹੋਏ ਫੌਜੀ ਹਮਲੇ ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਰੋਹ ਅਤੇ ਰੋਸ ਜਿਤਾਉਣ ਲਈ 6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿੱਤੇ ਸੱਦੇ ਨੂੰ ਕਾਮਯਾਬ ਕਰਨ ਲਈ ਸ਼ਹਿਰ ਵਾਸੀਆਂ ਤੋਂ ਸਾਥ ਅਤੇ ਸਹਿਯੋਗ ਮੰਗਿਆ ਹੈ। ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਹੇਠ ਨੌਜਵਾਨਾਂ ਨੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਪੈਂਫਲੈੱਟ ਵੰਡੇ। ਇਸੇ ਦੌਰਾਨ ਜਥੇਬੰਦੀ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ਵੱਡੇ ਫਲੈਕਸ ਲਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਇਸ ਸੰਬਧੀ ਆਪਣੇ ਕਾਰੋਬਾਰ ਤੇ ਦੁਕਾਨਾਂ ਬੰਦ ਰੱਖਣ ਲਈ ਸਹਿਯੋਗ ਮੰਗਿਆ। ਦਲ ਖ਼ਾਲਸਾ ਨੇ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਨੂੰ ਵੀ ਬੰਦ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ। ਸਿੱਖ ਜਥੇਬੰਦੀ ਵੱਲੋਂ ਘੱਲੂਘਾਰਾ ਦਿਵਸ ਦੀ ਪੂਰਵ-ਸੰਧਿਆ ਮੌਕੇ 5 ਜੂਨ ਨੂੰ ਸ਼ਾਮ 5 ਵਜੇ ਸ਼ਹਿਰ ਅੰਦਰ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ, ਹਾਲ ਬਾਜ਼ਾਰ ਤੋਂ ਲੰਘਦਾ ਹੋਇਆ ਦਰਬਾਰ ਸਾਹਿਬ ਸਮਾਪਤ ਹੋਵੇਗਾ, ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜਥੇਬੰਦੀ ਨੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ 4 ਜੂਨ ਦੇ ਨਤੀਜਿਆਂ ਮਗਰੋਂ ਜੇਤੂ ਉਮੀਦਵਾਰ ਢੋਲ-ਢਮੱਕਿਆਂ ਨਾਲ 4 ਤੋਂ 6 ਜੂਨ ਤੱਕ ਦਰਬਾਰ ਸਾਹਿਬ ਨਾ ਆਉਣ। ਉਨ੍ਹਾਂ ਕਿਹਾ ਕਿ ਇਹ ਅਪੀਲ ਘੱਲੂਘਾਰਾ ਹਫ਼ਤੇ ਕਾਰਨ ਕੀਤੀ ਗਈ ਹੈ।