ਐੱਨਪੀ ਧਵਨ
ਪਠਾਨਕੋਟ, 3 ਜੂਨ
ਭਾਰਤੀ ਜਨਤਾ ਪਾਰਟੀ ਦਾ ਅਗਲਾ ਨਿਸ਼ਾਨਾ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਚੋਣਾਂ ਲਈ ਭਾਜਪਾ ਵੱਲੋਂ ਲੋਕ ਸਭਾ ਚੋਣਾਂ ’ਚ ਇਕੱਲਿਆਂ ਲੜ ਕੇ ਆਧਾਰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਦੀਆਂ ਦਲਿਤ ਵੋਟਾਂ ਹਾਸਲ ਕਰਨ ’ਤੇ ਲੱਗ ਗਈ ਹੈ। ਇਸੇ ਉਦੇਸ਼ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਮਈ ਨੂੰ ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਰੈਲੀ ਦੀਨਾਨਗਰ ਵਿੱਚ ਕੀਤੀ ਗਈ ਸੀ ਕਿਉਂਕਿ ਦੀਨਾਨਗਰ ਹਲਕੇ ਦੀ ਹੱਦ ਨਾਲ ਭੋਆ ਵਿਧਾਨ ਸਭਾ ਹਲਕਾ ਲੱਗਦਾ ਹੈ ਜੋ ਰਿਜ਼ਰਵ ਹਲਕਾ ਹੈ। ਇੱਥੇ 42 ਪ੍ਰਤੀਸ਼ਤ ਆਬਾਦੀ ਦਲਿਤ ਭਾਈਚਾਰੇ ਦੀ ਹੈ, ਇਸ ਕਰਕੇ ਦਲਿਤਾਂ ਨੂੰ ਪ੍ਰਭਾਵਿਤ ਕਰਨ ਲਈ ਦੀਨਾਨਗਰ ਵਿੱਚ ਰੈਲੀ ਕਰਨ ਲਈ ਚੋਣ ਕੀਤੀ ਗਈ ਸੀ ਜਦ ਕਿ ਪਿਛਲੇ ਸਮਿਆਂ ਵਿੱਚ ਹਮੇਸ਼ਾ ਹੀ ਭਾਜਪਾ ਵੱਲੋਂ ਪਠਾਨਕੋਟ ਜਾਂ ਗੁਰਦਾਸਪੁਰ ਵਿੱਚ ਚੋਣ ਰੈਲੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਵੱਲੋਂ 24 ਮਈ ਨੂੰ ਹੀ ਜਲੰਧਰ ਚੋਣ ਰੈਲੀ ਕੀਤੀ ਗਈ ਜਿੱਥੇ ਦਲਿਤ ਭਾਈਚਾਰੇ ਦੀ ਕਾਫੀ ਵੱਸੋਂ ਹੈ ਤੇ ਡੇਰਾ ਬੱਲਾਂ ਦਾ ਬਹੁਤ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨੂੰ ਇਨ੍ਹਾਂ ਦੋਵਾਂ ਰੈਲੀਆਂ ਵਿੱਚੋਂ ਲੋਕਾਂ ਦੇ ਮਿਲੇ ਭਰਪੂਰ ਹੁੰਗਾਰੇ ਸਦਕਾ ਮੁੜ ਪ੍ਰਧਾਨ ਮੰਤਰੀ ਨੇ 30 ਤਰੀਕ ਨੂੰ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਚੋਣ ਰੈਲੀਆਂ ਰੱਖ ਦਿੱਤੀਆਂ ਸਨ ਤੇ ਹੁਸ਼ਿਆਰਪੁਰ ਵਿੱਚ ਹੋਈ ਚੋਣ ਰੈਲੀ ਵਿੱਚ ਪ੍ਰਧਾਨ ਮੰਤਰੀ ਨੇ ਦਲਿਤ ਭਾਈਚਾਰੇ ਨੂੰ ਭਾਜਪਾ ਦੀ ਤਰਫ ਖਿੱਚਣ ਲਈ ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਨੂੰ ਸਮਰਪਿਤ ਕਰਨ ਲਈ ਵਾਅਦਾ ਕਰ ਦਿੱਤਾ। ਇੱਕ ਚੋਣ ਵਿਸ਼ਲੇਸ਼ਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਭਾਜਪਾ ਨੂੰ ਪੰਜਾਬ ਅੰਦਰਲੇ ਕਿਸਾਨਾਂ ਤੋਂ ਕੋਈ ਜ਼ਿਆਦਾ ਉਮੀਦ ਨਾ ਹੋਣ ਕਰਕੇ ਹੁਣ ਉਸ ਨੇ ਆਪਣਾ ਰੁਖ਼ ਦਲਿਤ ਭਾਈਚਾਰੇ ਵੱਲ ਮੋੜ ਦਿੱਤਾ ਹੈ।