ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਜੂਨ
ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੇ 120ਵੇਂ ਜਨਮ ਦਿਵਸ ਨੂੰ ਸਮਰਪਿਤ ਚਲ ਰਹੇ ਸਮਾਗਮਾਂ ਦੇ ਦੂਜੇ ਦਿਨ ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਵਲੋਂ ਬ੍ਰਾਂਚ ਮਾਨਾਂਵਾਲਾ ਵਿਖੇ ਬਾਇਓ-ਗੈਸ ਪਲਾਂਟ (ਗੋਬਰ ਗੈਸ) ਦਾ ਉਦਘਾਟਨ ਕੀਤਾ ਗਿਆ।
ਇਸ ਦਾ ਉਦਘਾਟਨ ਅਮਰਾਵਤੀ ਆਸ਼ਰਮ ਦੇ ਮੁਖੀ ਭਗਵੰਤ ਸਿੰਘ ਦਿਲਾਵਰੀ ਅਤੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦਸਿਆ ਕਿ ਅੱਜ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਗੋਬਰ ਗੈਸ ਪਲਾਂਟ ਸਥਾਪਤ ਕੀਤਾ ਹੈ, ਜਿਸ ਵਿੱਚ ਬ੍ਰਾਂਚ ਅੰਦਰ ਬਣੀ ਗਾਊਸ਼ਾਲਾ ਦੀਆਂ ਗਾਵਾਂ ਦੇ ਗੋਬਰ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਤੋਂ ਬਨਣ ਵਾਲੀ ਗੈਸ ਨੂੰ ਲੰਗਰ ਹਾਲ ਵਿਚ ਲੰਗਰ ਤਿਆਰ ਕਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਗਲਵਾੜਾ ਹਮੇਸ਼ਾ ਅਜਿਹੇ ਕੁਦਰਤੀ ਸਾਧਨਾਂ ਦੀ ਵਰਤੋਂ ਅਤੇ ਉਪਯੋਗ ਕਰਨ ਲਈ ਤੱਤਪਰ ਰਹਿੰਦਾ ਹੈ ਅਤੇ ਸੰਸਥਾ ਅਜਿਹੇ ਕਈ ਕੁਦਰਤੀ ਸਾਧਨਾਂ ਨੂੰ ਉਤਸ਼ਾਹਿਤ ਕਰਕੇ ਸਮਾਜ ਵਿੱਚ ਰੋਲ ਮਾਡਲ ਪੇਸ਼ ਕਰ ਰਹੀ ਹੈ ਇਸ ਉਦਘਾਟਨ ਮੌਕੇ ਸ੍ਰੀ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕਰਨ ਉਪਰੰਤ ਅਰਦਾਸ ਕਰਕੇ ਗੋਬਰ ਗੈਸ ਪਲਾਂਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਹਿਤ ਅਤੇ ਸੰਸਕ੍ਰਿਤੀ ਦੇ ਡਾਇਰੈਕਟਰ ਹਰਪਾਲ ਸਿੰਘ ਚੀਕਾ ਨੇ ਆਪਣੇ ਸੰਬੋਧਨ ’ਚ ਦੱਸਿਆ ਕਿ ਮਨੁੱਖਤਾ ਨੂੰ ਸਵੱਛ ਵਾਤਾਵਰਨ ਦੀ ਲੋੜ ਹੈ। ਕੁਦਰਤ ਵੱਲੋਂ ਬਖ਼ਸ਼ੀਆਂ ਅਮੁੱਲ ਦਾਤਾਂ ਨੂੰ ਸੰਜਮ ਨਾਲ ਮਨੁੱਖਤਾ ਦੇ ਭਲੇ ਲਈ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ, ਜਿਸ ਤਹਿਤ ਪਿੰਗਲਵਾੜਾ ਸੰਸਥਾ ਬਾਇਓ-ਗੈਸ ਪਲਾਂਟ ਲਾ ਕੇ ਅਤੇ ਕੁਦਰਤੀ ਖੇਤੀ ਕਰਕੇ ਆਪਣਾ ਯੋਗਦਾਨ ਪਾ ਰਿਹਾ ਹੈ।
ਪਿੰਗਲਵਾੜਾ ਸੰਸਥਾ ਨੇ ਗੋਬਰ ਗੈਸ ਪਲਾਂਟ ਦੀ ਸਥਾਪਨਾ ਦੀ ਪ੍ਰੇਰਨਾ ਲਾਬੜਾ ਕਾਂਗੜੀ ਮਲਟੀਪਰਜ਼ ਕੋਆਪਰੇਟਿਵ ਸਰਵਿਸ ਸੁਸਾਇਟੀ ਤੋਂ ਮਿਲੀ ਹੈ । ਇਸ ਮੌਕੇ ਇਮੇਰਿਸ ਨਿਊਕੇਸਟ (ਇੰਡੀਆ) ਪ੍ਰਾਈਵੇਟ ਲਿਮਟਿਡ ਨੇ ਸੰਸਥਾ ਨੂੰ 5 ਲੱਖ ਰੁਪਏ ਦਾਨ ਵਜੋਂ ਦਿੱਤੇ। ਸਮਾਗਮ ਮੌਕੇ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਪ੍ਰੀਤਇੰਦਰਜੀਤ ਕੌਰ, ਮੁੱਖ ਪ੍ਰਸ਼ਾਸਕ ਪਰਮਿੰਦਰਜੀਤ ਸਿੰਘ ਭੱਟੀ ਆਦਿ ਹਾਜ਼ਰ ਸਨ।