ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਅੱਜ ਇੱਥੇ ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ ਅਤੇ ਡੀਯੂਐੱਸਆਈਬੀ ਵਿਭਾਗ ਦੇ ਵਾਈਸ ਚੇਅਰਮੈਨ ਸੌਰਭ ਭਾਰਦਵਾਜ ਨੇ ਦੁਪਹਿਰ 3 ਵਜੇ ਦੇ ਕਰੀਬ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਦਿੱਲੀ ਦੇ ਕਈ ਰੈਣ -ਬਸੇਰਿਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਅਚਨਚੇਤ ਨਿਰੀਖਣ ਦੌਰਾਨ ਮੰਤਰੀ ਸੌਰਭ ਭਾਰਦਵਾਜ ਨੇ ਰੈਣ ਬਸੇਰਿਆਂ ’ਤੇ ਪਹੁੰਚ ਕੇ ਗਰਮੀ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧਾਂ ਦੀ ਜਾਂਚ ਕੀਤੀ। ਰੈਣ ਬਸੇਰਿਆਂ ਵਿੱਚ ਲੋਕਾਂ ਨੂੰ ਪੀਣ ਲਈ ਲੋੜੀਂਦਾ ਠੰਢਾ ਪਾਣੀ ਹੈ ਜਾਂ ਨਹੀਂ ਅਤੇ ਗਰਮੀ ਤੋਂ ਰਾਹਤ ਦੇਣ ਲਈ ਕੋਈ ਹੋਰ ਸਾਧਨ ਉਪਲਬਧ ਹਨ ਜਾਂ ਨਹੀਂ, ਇਸ ਦਾ ਪਤਾ ਕਰਨ ਲਈ ਉਨ੍ਹਾਂ ਇਹ ਛਾਪਾ ਮਾਰਿਆ।
ਇਸ ਦੌਰਾਨ ਸ੍ਰੀ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੇ ਰੈਣ-ਬਸੇਰਿਆਂ ਦਾ ਜਿੱਥੇ ਅਚਨਚੇਤ ਨਿਰੀਖਣ ਕੀਤਾ, ਉੱਥੇ ਲੋਕਾਂ ਨੂੰ ਪੀਣ ਵਾਲਾ ਠੰਢਾ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਏਅਰ ਕੂਲਰ ਦੇ ਪੁਖਤਾ ਪ੍ਰਬੰਧ ਕੀਤੇ ਗਏ। ਦਿੱਲੀ ਵਿੱਚ ਕਈ ਵੱਖ-ਵੱਖ ਥਾਵਾਂ ’ਤੇ ਰੈਣ ਬਸੇਰੇ ਹਨ। ਇਸ ਲਈ ਸਾਵਧਾਨੀ ਵਜੋਂ ਉਨ੍ਹਾਂ ਨੇ ਵਿਭਾਗ ਦੇ ਸੀਈਓ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਦਿੱਲੀ ਦੇ ਸਾਰੇ ਰੈਣ ਬਸੇਰਿਆਂ ਦਾ ਜੰਗੀ ਪੱਧਰ ’ਤੇ ਮੁਆਇਨਾ ਕਰਨ ਅਤੇ ਜਿੱਥੇ ਕਿਤੇ ਵੀ ਕੋਈ ਕਮੀ ਪਾਈ ਜਾਂਦੀ ਹੈ, ਉਸ ਨੂੰ ਪੂਰਾ ਕੀਤਾ ਜਾਵੇ। ਇਸ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪਾਣੀ ਦੇ ਸਿਸਟਮ ਵਿੱਚ ਕੋਈ ਕਮੀ ਆਉਂਦੀ ਹੈ ਤਾਂ ਤੁਰੰਤ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਆਖਿਆ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।