ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਜੂਨ
ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਜੇਤੂ ਰਹੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ 3242 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸ਼ੇਰ ਸਿੰਘ ਘੁਬਾਇਆ ਨੂੰ ਕੁੱਲ 2,66,626 ਵੋਟਾਂ ਹਾਸਲ ਹੋਈਆਂ। ਰਿਟਰਨਿੰਗ ਅਫ਼ਸਰ ਰਾਜੇਸ਼ ਧੀਮਾਨ ਨੇ ਸ੍ਰੀ ਘੁਬਾਇਆ ਨੂੰ ਜੇਤੂ ਐਲਾਨਦਿਆਂ ਸਰਟੀਫ਼ਿਕੇਟ ਦਿੱਤਾ। ਜ਼ਿਕਰਯੋਗ ਹੈ ਕਿ ਘੁਬਾਇਆ ਇਸ ਤੋਂ ਪਹਿਲਾਂ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ।
ਦੂਜੇ ਨੰਬਰ ’ਤੇ ਰਹੇ ‘ਆਪ’ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ 2,63,384 ਵੋਟਾਂ ਮਿਲੀਆਂ। ਤੀਜੇ ਨੰਬਰ ’ਤੇ ਰਹਿਣ ਵਾਲੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ 2,55,097 ਵੋਟਾਂ ਪਈਆਂ। ਚੌਥੇ ਨੰਬਰ ’ਤੇ ਰਹੇ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ 2,53,645 ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਵਿੱਚ 11,17,934 ਵੋਟਾਂ ਪਈਆਂ ਸਨ। ਘੁਬਾਇਆ ਦੇ ਜਿੱਤ ਦੇ ਐਲਾਨ ਮਗਰੋਂ ਕਾਂਗਰਸ ਪਾਰਟੀ ਦੇ ਇਥੇ ਜ਼ਿਲ੍ਹਾ ਦਫ਼ਤਰ ਵਿੱਚ ਜਸ਼ਨ ਮਨਾਇਆ ਗਿਆ।
ਅੱਜ ਪੂਰਾ ਦਿਨ ਇਨ੍ਹਾਂ ਚਾਰਾਂ ਉਮੀਦਵਾਰਾਂ ਦਰਮਿਆਨ ਫ਼ਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ। ਗਿਣਤੀ ਸ਼ੁਰੂ ਹੋਣ ਤੋਂ ਕਰੀਬ ਦੋ ਘੰਟਿਆਂ ਮਗਰੋਂ ਹੀ ਰਾਣਾ ਗੁਰਮੀਤ ਸਿੰਘ ਸੋਢੀ ਨਿਰਾਸ਼ ਹੋ ਕੇ ਗਿਣਤੀ ਕੇਂਦਰ ਤੋਂ ਵਾਪਸ ਪਰਤ ਗਏ, ਪਰ ਕੁਝ ਚਿਰ ਮਗਰੋਂ ਹੀ ਉਹ ਪਹਿਲੇ ਸਥਾਨ ’ਤੇ ਆ ਗਏ। ਮਗਰੋਂ ਬੌਬੀ ਮਾਨ ਅਤੇ ਘੁਬਾਇਆ ਦਰਮਿਆਨ ਟੱਕਰ ਚੱਲਦੀ ਰਹੀ। ਇੱਕ ਵਾਰ ਕਾਕਾ ਬਰਾੜ ਵੀ ਸਭ ਨੂੰ ਮਾਤ ਦੇ ਕੇ ਅੱਗੇ ਨਿਕਲ ਗਏ। ਇਹ ਸਿਲਸਿਲਾ ਦੁਪਹਿਰ ਬਾਅਦ ਤੱਕ ਵੀ ਚੱਲਦਾ ਰਿਹਾ। ਅਖ਼ੀਰ ਦੇ ਗੇੜਾਂ ਵਿੱਚ ਘੁਬਾਇਆ ਤੋਂ ਅੱਗੇ ਕੋਈ ਉਮੀਦਵਾਰ ਨਹੀਂ ਨਿਕਲ ਸਕਿਆ। ਕਾਬਲੇਗੌਰ ਹੈ ਕਿ ਪਾਰਟੀ ਵੱਲੋਂ ਘੁਬਾਇਆ ਦੀ ਟਿਕਟ ਦਾ ਐਲਾਨ ਦੇਰੀ ਨਾਲ ਕੀਤਾ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਆਪਣੇ ਪੂਰੇ ਹਲਕੇ ਵਿਚ ਪ੍ਰਚਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ। ਖ਼ਾਸ ਕਰਕੇ ਸ਼ਹਿਰੀ ਹਲਕੇ ਦੇ ਕਈ ਖੇਤਰਾਂ ਵਿੱਚ ਤਾਂ ਉਹ ਇੱਕ ਵਾਰ ਵੀ ਆਪਣੀ ਹਾਜ਼ਰੀ ਨਾ ਭਰ ਸਕੇ। ਜਿੱਤ ਮਗਰੋਂ ਘੁਬਾਇਆ ਨੇ ਆਪਣੇ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰੇ ਉਤਰਨ ਦਾ ਭਰੋਸਾ ਦਿੱਤਾ ਹੈ। ਘੁਬਾਇਆ ਦੇ ਜੱਦੀ ਪਿੰਡ ਵਿੱਚ ਵੀ ਅੱਜ ਉਨ੍ਹਾਂ ਦੀ ਆਮਦ ’ਤੇ ਖ਼ੂਬ ਜਸ਼ਨ ਮਨਾਏ ਗਏ।