ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 4 ਜੂਨ
ਫਰੀਦਕੋਟ ਤੋਂ ਚੋਣ ਹਾਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਜ਼ਾਦ ਜੇਤੂ ਉਮੀਦਵਾਰ ਭਾਈ ਸਰਬਜੀਤ ਸਿੰਘ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਪਿਛਲੇ 70 ਦਿਨਾਂ ਤੋਂ ਫਰੀਦਕੋਟ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਇਸ ਪ੍ਰਚਾਰ ਦੌਰਾਨ ਉਸ ਨੂੰ ਸੈਂਕੜੇ ਨਵੇਂ ਦੋਸਤ-ਮਿੱਤਰ ਅਤੇ ਲੋਕ ਮਿਲੇ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਅਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਆਪਣੀ ਹਾਰ ਬਾਰੇ ਵੀ ਵਿਸ਼ਲੇਸ਼ਣ ਕਰਨਗੇ ਅਤੇ ਇਸ ਬਾਰੇ ਪਾਰਟੀ ਹਾਈ ਕਮਾਨ ਨਾਲ ਵੀ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਰੀਦਕੋਟ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਅਤੇ ਇਥੋਂ ਉਹ ਬਹੁਤ ਕੁਝ ਸਿੱਖੇ ਹਨ। ਇਸ ਲਈ ਉਹ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਹਾਰਨ ਦੇ ਬਾਵਜੂਦ ਵੀ ਸਰਗਰਮ ਰਹਿਣਗੇ ਅਤੇ ਲੋਕਾਂ ਦੇ ਕੰਮਾਂ ਨਾਲ ਜੁੜੇ ਰਹਿਣਗੇ। ਕਰਮਜੀਤ ਅਨਮੋਲ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ 800 ਵੋਟ ਨਾਲ ਜੇਤੂ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਕੁੱਲ ਫੁੱਟ 2 ਲੱਖ 27 ਹਜ਼ਾਰ ਤੋਂ ਵੱਧ ਪਈ ਹੈ। ਕਰਮਜੀਤ ਅਨਮੋਲ ਨੇ ਪਾਰਟੀ ਦੇ ਵਰਕਰਾਂ, ਆਗੂਆਂ ਅਤੇ ਆਪਣੇ ਸਾਥੀ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਜੋ ਉਮੀਦਾਂ ਸਨ, ਉਹ ਇਹ ਉਮੀਦਾਂ ਪੂਰੀਆਂ ਕਰਨ ਲਈ ਫਰੀਦਕੋਟ ਵਿੱਚ ਲਗਾਤਾਰ ਸਰਗਰਮ ਰਹਿਣਗੇ।
‘ਫਰੀਦਕੋਟ ਹਲਕੇ ਦੇ ਲੋਕਾਂ ਦਾ ਫ਼ਤਵਾ ਖਿੜੇ ਮੱਥੇ ਪ੍ਰਵਾਨ’
ਮੋਗਾ (ਨਿੱਜੀ ਪੱਤਰ ਪ੍ਰੇਰਕ): ਫ਼ਰੀਦਕੋਟ ਰਾਖਵਾਂ ਹਲਕੇ ਤੋਂ ਚੋਣ ਹਾਰਨ ਬਾਅਦ ਆਮ ਆਦਮੀ ਪਾਰਟੀ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੇ ਆਖਿਆ ਕਿ ਲੋਕਾਂ ਦਾ ਫ਼ਤਵਾ ਖਿੜੇ ਮੱਥੇ ਪ੍ਰਵਾਨ ਤੇ ਉਹ ਹਰ ਸਮੇਂ ਲੋਕਾਂ ਦੀ ਸੇਵਾ ਵਿਚ ਹਾਜਰ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੋਟਰਾਂ ਨੇ ਵੱਡਾ ਫਤਵਾ ਦਿੱਤਾ ਹੈ ਅਤੇ ਉਮੀਦ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ ਅਤੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣ ਹਾਰਨ ਦੇ ਕਾਰਨਾ ਦਾ ਮੰਥਨ ਕੀਤਾ ਜਾਵੇਗਾ ਕਿ ਕਿੱਥੇ ਕਮੀ ਰਹਿ ਗਈ ਹੈ।