ਸਰਬਜੀਤ ਸਾਗਰ
ਦੀਨਾਨਗਰ, 4 ਜੂਨ
ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਜੇਤੂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨੂੰ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਜਿੱਤ ਕਰਾਰ ਦਿੱਤਾ ਤੇ ਆਖਿਆ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੇ ਉੱਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲੋਕਾਂ ਨੇ ‘ਆਪ’ ਸਰਕਾਰ ਦੀ ਵਾਅਦਾਖ਼ਿਲਾਫ਼ੀ ਤੇ ਦੂਜੀਆਂ ਸਿਆਸੀ ਪਾਰਟੀਆਂ ਨਾਲ ਬਦਲਾਖ਼ੋਰੀ ਦੀ ਭਾਵਨਾ ਨਾਲ ਕੀਤੀਆਂ ਕਾਨੂੰਨੀ ਕਾਰਵਾਈਆਂ ਦੇ ਰੋਸ ਵਜੋਂ ‘ਆਪ’ ਉਮੀਦਵਾਰਾਂ ਖ਼ਿਲਾਫ਼ ਵੋਟਾਂ ਪਾਈਆਂ ਹਨ, ਜਿਸ ਕਾਰਨ ਦੋ ਸਾਲਾਂ ਦੇ ਬਾਅਦ ਹੀ ਇਹ ਪਾਰਟੀ ਹਾਸ਼ੀਏ ’ਤੇ ਆ ਗਈ ਹੈ। ਇਸ ਮੌਕੇ ਵਿਧਾਇਕਾ ਅਰੁਣਾ ਚੌਧਰੀ, ਅਸ਼ੋਕ ਚੌਧਰੀ ਤੇ ਯੂਥ ਆਗੂ ਅਭਿਨਵ ਚੌਧਰੀ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।
ਕਾਂਗਰਸੀ ਵਰਕਰਾਂ ਨੇ ਰੰਧਾਵਾ ਦੀ ਜਿੱਤ ਦੀ ਖੁਸ਼ੀ ’ਚ ਲੱਡੂ ਵੰਡੇ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਦੀ ਖੁਸ਼ੀ ਵਿੱਚ ਇਥੇ ਕਾਂਗਰਸ ਦੇ ਧਾਰੀਵਾਲ ਬਲਾਕ ਪ੍ਰਧਾਨ ਗੁਰਨਾਮ ਸਿੰਘ ਜਫਰਵਾਲ ਅਤੇ ਸਿਟੀ ਪ੍ਰਧਾਨ ਸਰਦਾਰੀ ਲਾਲ ਰਣੀਆਂ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਖੁਸ਼ੀ ਮਨਾਉਂਦੇ ਇਕ ਦੂਸਰੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਐਡਵੋਕੇਟ ਰਾਕੇਸ਼ ਰਣੀਆਂ, ਦਫਤਰੀ ਇੰਚਾਰਜ ਵਿਜੈ ਸੱਚਦੇਵਾ, ਡਾ: ਨਰੇਸ਼ ਜਫਰਵਾਲ, ਸੇਵਾਮੁਕਤ ਥਾਣੇਦਾਰ ਦਲਜੀਤ ਸਿੰਘ ਛੋਟੇਪੁਰ ਸਣੇ ਹੋਰ ਵਰਕਰ ਹਾਜ਼ਰ ਸਨ।