ਹਰਪ੍ਰੀਤ ਕੌਰ
ਹੁਸ਼ਿਆਰਪੁਰ, 4 ਜੂਨ
ਹੁਸ਼ਿਆਰਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਜਿੱਤਣ ਨਾਲ ਉਨ੍ਹਾਂ ਦੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਦੌਰਾਨ ਰਾਜਕੁਮਾਰ ਨੇ ਸ਼ਹਿਰ ’ਚ ਫਤਹਿ ਮਾਰਚ ਵੀ ਕੱਢਿਆ ਤੇ ਪਹਿਲਾਂ ਵਾਂਗ ਹੀ ਲੋਕਾਂ ਦੇ ਕੰਮ ਕਰਵਾਉਣ ਦਾ ਵਾਅਦਾ ਕੀਤਾ।
ਅੱਜ ਸਵੇਰੇ ਨਤੀਜਿਆਂ ਦਾ ਰੁਝਾਨ ਆਉਣ ਦੇ ਨਾਲ ਹੀ ਡਾ. ਚੱਬੇਵਾਲ ਜਿੱਤ ਵੱਲ ਵਧਣ ਲੱਗੇ ਤਾਂ ਉਨ੍ਹਾਂ ਦੇ ਸਮਰਥਕ ਭਾਰੀ ਗਿਣਤੀ ਵਿਚ ਰਿਆਤ ਬਾਹਰਾ ਕਾਲਜ ਵਿਚ ਬਣੇ ਗਿਣਤੀ ਕੇਂਦਰ ਬਾਹਰ ਜੁੜਣੇ ਸ਼ਰੂ ਹੋ ਗਏ। ‘ਆਪ’ ਉਮੀਦਵਾਰ ਦੀ ਜਿੱਤ ਦਾ ਐਲਾਨ ਹੁੰਦਿਆਂ ਸਮਰਥਕਾਂ ਨੇ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਅਤੇ ਢੋਲ ਦੀ ਤਾਲ ’ਤੇ ਨੱਚਣ ਲੱਗੇ। ਇਸ ਮਗਰੋਂ ਉਨ੍ਹਾਂ ਨੇ ਡਾ. ਰਾਜ ਕੁਮਾਰ ਚੱਬੇਵਾਲ ਦਾ ਗਿਣਤੀ ਕੇਂਦਰ ’ਚੋਂ ਬਾਹਰ ਆਉਣ ’ਤੇ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ। ਬਾਅਦ ਵਿਚ ਸ਼ਹਿਰ ’ਚ ਫ਼ਤਹਿ ਮਾਰਚ ਵੀ ਕੱਢਿਆ ਗਿਆ ਜਿਸ ਵਿਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਮੇਅਰ ਸੁਰਿੰਦਰ ਸ਼ਿੰਦਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਤੇ ਹੋਰ ‘ਆਪ’ ਆਗੂ ਸ਼ਾਮਲ ਹੋਏ। ਡਾ. ਰਾਜ ਨੇ ਆਪਣੀ ਜਿਤ ਦਾ ਸਿਹਰਾ ਮਿਹਨਤੀ ਵਰਕਰਾਂ ਨੂੰ ਦਿੱਤਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ। ਉਨ੍ਹਾਂ ਨੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਅਤਿ ਦੀ ਗਰਮੀ ’ਚ ਭਾਰੀ ਗਿਣਤੀ ਵਿ ਵੋਟਾਂ ਪਾ ਕੇ ਉਨ੍ਹਾਂ ਨੂੰ ਜਿਤਾਇਆ। ਉਨ੍ਹਾਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਭਰੋਸਾ ਕਰਕੇ ਉਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਿਆ। ਡਾ. ਰਾਜ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਉਹ ਪੂਰਾ ਕਨਨਗੇ। ਉਨ੍ਹਾਂ ਕਿਹਾ ਕਿ ਚੱਬੇਵਾਲ ਦਾ ਵਿਧਾਇਕ ਹੁੰਦਿਆਂ ਉਨ੍ਹਾਂ ਨੇ ਜਿਸ ਤਰ੍ਹਾਂ ਲੋਕਾਂ ਦੇ ਕੰਮ ਕਰਵਾਏ, ਸੰਸਦ ਮੈਂਬਰ ਬਣ ਕੇ ਵੀ ਉਹ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨਗੇ।