ਪਾਲ ਸਿੰਘ ਨੌਲੀ
ਜਲੰਧਰ, 4 ਜੂਨ
ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਵੋਟਾਂ ਦੀ ਗਿਣਤੀ ਦੌਰਾਨ ਜਿਉਂ-ਜਿਉਂ ਲੀਡ ਵਧਦੀ ਗਈ ਉਵੇਂ-ਉਵੇਂ ਕਾਂਗਰਸ ਦੇ ਸਮਰਥਕ ਗਿਣਤੀ ਕੇਂਦਰ ਦੇ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਚੰਨੀ ਦੀ ਜਿੱਤ ਦਾ ਐਲਾਨ ਹੁੰਦਿਆਂ ਹੀ ਵੱਡੀ ਗਿਣਤੀ ਵਿੱਚ ਸਮਰਥਕ ਸਪੋਰਟਸ ਕਾਲਜ ਕੰਪਲੈਕਸ ਪਹੁੰਚ ਗਏ ਤਾਂ ਚਰਨਜੀਤ ਸਿੰਘ ਚੰਨੀ ਨੇ ਉਥੇ ਸਮਰਥਕਾਂ ਦੀ ਭੀੜ ਨੂੰ ਸੰਬੋਧਨ ਕਰਨ ਲਈ ਉਹ ਇੱਕ ਕਮਰੇ ਦੀ ਛੱਤ ’ਤੇ ਜਾ ਚੜ੍ਹੇ। ਉਨ੍ਹਾਂ ਕਾਂਗਰਸੀ ਸਮਰਥਕਾ ਨੂੰ ਅਪੀਲ ਕੀਤੀ ਕਿ ਜਿੱਤ ਦਾ ਕੋਈ ਜ਼ਸ਼ਨ ਨਹੀਂ ਮਨਾਉਣਾ ਤੇ ਢੋਲ-ਢਮੱਕਾ ਵਜਾਏ ਬਗ਼ੈਰ ਸ਼ਾਂਤੀ ਨਾਲ ਧਾਰਮਿਕ ਸਥਾਨਾਂ ’ਤੇ ਪਹੁੰਚ ਕੇ ਉਥੇ ਸੀਸ ਨਿਵਾਉਣਾ ਹੈ। ਚੰਨੀ ਨੇ ਕਿਹਾ, ‘‘ਜਿਹੜੀ ਬੇਰੀ ਨੂੰ ਬੇਰ ਲੱਗ ਜਾਂਦੇ ਹਨ ਉਹ ਝੁਕ ਜਾਂਦੀ ਹੈ।’’
ਚਰਨਜੀਤ ਸਿੰਘ ਚੰਨੀ ਆਪਣੇ ਸਮਰੱਥਕਾਂ ਨਾਲ ਸ੍ਰੀ ਗੁਰੂ ਰਵੀਦਾਸ ਧਾਮ ਬੂਟਾ ਮੰਡੀ ਮੱਥਾ ਟੇਕਣ ਗਏ। ਉਥੋਂ ਉਹ ਗੁਰਦੁਆਰਾ ਮਾਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਗਏ ਜਿੱਥੇ ਉਨ੍ਹਾਂ ਪਰਿਵਾਰ ਸਮੇਤ ਮੱਥਾ ਟੇਕਿਆ। ਚੰਨੀ ਨੇ ਸ੍ਰੀ ਦੇਵੀ ਤਲਾਬ ਵੀ ਮੱਥਾ ਟੇਕਿਆ ਜਿੱਥੇ ਉਨ੍ਹਾਂ ਨੂੰ ਮੰਦਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਉਹ ਬਾਕੀ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ `ਤੇ ਵੀ ਗਏ। ਜੇਤੂ ਸਰਟੀਫਿਕੇਟ ਲੈਣ ਸਮੇਂ ਉਨ੍ਹਾਂ ਨਾਲ ਕਾਂਗਰਸ ਦੇ ਸੀਨੀਅਰ ਆਗੂ ਪਰਗਟ ਸਿੰਘ, ਸੁਖਵਿੰਦਰ ਸਿੰਘ ਕੋਟਲੀ, ਹਰਦੇਵ ਸਿੰਘ ਲਾਡੀ, ਬਾਵਾ ਹੈਨਰੀ ( ਸਾਰੇ ਵਿਧਾਇਕ) ਅਤੇ ਕਾਂਗਰਸੀ ਆਗੂ ਡਾ. ਨਵਜੋਤ ਸਿੰਘ ਦਾਹੀਆ, ਰਜਿੰਦਰ ਬੇਰੀ, ਕਰਤਾਰਪੁਰ ਤੋਂ ਸਾਬਕਾ ਪੁਲੀਸ ਅਧਿਕਾਰੀ ਤੇ ਕਾਂਗਰਸ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਕਾਂਗਰਸੀ ਆਗੂ ਸ਼ਾਮਿਲ ਸਨ। ਇਸ ਦੌਰਾਨ ਜਿੱਤਣ ਦੀ ਖੁਸ਼ੀ ’ਚ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਤਨੀ ਡਾ. ਕਮਲਜੀਤ ਕੌਰ ਦਾ ਮੂੰਹ ਮਿੱਠਾ ਵੀ ਕਰਵਾਇਆ।