ਚੰਡੀਗੜ੍ਹ, 5 ਜੂਨ
ਕਾਂਗਰਸ ਨੇ ਪੰਜਾਬ ਦੇ ਮਾਲਵਾ ਖੇਤਰ ‘ਚ ਇਕ ਵਾਰ ਫਿਰ ਆਪਣਾ ਦਬਦਬਾ ਕਾਇਮ ਰੱਖਿਆ ਹੈ। ਚੋਣ ਕਮਿਸ਼ਨ (ਈਸੀ) ਦੇ ਅੰਕੜਿਆਂ ਅਨੁਸਾਰ ਪਾਰਟੀ ਨੇ ਲੁਧਿਆਣਾ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਲੋਕ ਸਭਾ ਹਲਕਿਆਂ ਤੋਂ ਜਿੱਤ ਪ੍ਰਾਪਤ ਕੀਤੀ, ਜੋ ਕਿ ਪੰਜਾਬ ਵਿੱਚ ਮਾਲਵਾ ਪੱਟੀ ਦਾ ਹਿੱਸਾ ਹਨ। ਲੁਧਿਆਣਾ ਅਤੇ ਪਟਿਆਲਾ ਸੀਟਾਂ ਤੋਂ ਜਿੱਤਾਂ ਮਹੱਤਵਪੂਰਨ ਸਨ ਕਿਉਂਕਿ ਕਾਂਗਰਸ ਨੇ ਇਹਨਾਂ ਹਲਕਿਆਂ ਵਿੱਚ ਆਪਣਾ ਗੜ੍ਹ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਮਾਲਵਾ ਖੇਤਰ ਵਿੱਚ, ‘ਆਪ’ ਨੇ ਦੋ ਸੀਟਾਂ ਆਨੰਦਪੁਰ ਸਾਹਿਬ ਅਤੇ ਸੰਗਰੂਰ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸੀਟ ਜਿੱਤ ਸਕੀ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਰਿਜ਼ਰਵ ਹਲਕੇ ਤੋਂ ਜਿੱਤਿਆ ਹੈ। ਦੋਆਬਾ ਖੇਤਰ ਵਿੱਚ, ਕਾਂਗਰਸ ਨੇ ਜਲੰਧਰ ਰਿਜ਼ਰਵ ਸੰਸਦੀ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਜਿੱਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ 1.75 ਲੱਖ ਵੋਟਾਂ ਨਾਲ ਹਰਾਇਆ। ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਰਿਜ਼ਰਵ ਸੀਟ ਜਿੱਤੀ ਜੋ ਦੋਆਬਾ ਖੇਤਰ ਦਾ ਹਿੱਸਾ ਹੈ। ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਹਰਾਇਆ। ਅਸਾਮ ਦੀ ਜੇਲ੍ਹ ਵਿੱਚ ਬੰਦ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ 1.97 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਹਨ। ਖਡੂਰ ਸਾਹਿਬ ਹਲਕਾ ਜਿਸ ਨੂੰ ‘ਪੰਥਕ’ ਸੀਟ ਵਜੋਂ ਜਾਣਿਆ ਜਾਂਦਾ ਹੈ, ਵਿਚ ਤਿੰਨੋਂ ਖੇਤਰਾਂ ਮਾਝਾ, ਮਾਲਵਾ ਅਤੇ ਦੋਆਬਾ ਦੇ ਵੋਟਰ ਹਨ। -ਪੀਟੀਆਈ