ਆਕਸਫੋਰਡ/ਲੰਡਨ, 5 ਜੂਨ
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਚੋਣਾਂ ਮੁਲਕ ਦੇ ਸੰਵਿਧਾਨਕ ਲੋਕਤੰਤਰ ਦਾ ਮੂਲ ਆਧਾਰ ਹਨ ਅਤੇ ਜੱਜਾਂ ਨੇ ਪ੍ਰਬੰਧ ਦੀ ਰੱਖਿਆ ਕਰਨ ਵਾਲੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਲਗਾਤਾਰ ਬਣਾਈ ਰੱਖਣ ਦੀ ਭਾਵਨਾ ਦਾ ਮੁਜ਼ਾਹਰਾ ਕੀਤਾ ਹੈ। ਚੀਫ਼ ਜਸਟਿਸ ਨੇ ਵੱਕਾਰੀ ਆਕਸਫੋਰਡ ਯੂਨੀਅਨ ਸੁਸਾਇਟੀ ਨੂੰ ਇਥੇ ਮੰਗਲਵਾਰ ਨੂੰ ਸੰਬੋਧਨ ਕਰਦਿਆਂ ਨਿਆਂ ਪ੍ਰਣਾਲੀ ’ਚ ਵਧੇਰੇ ਪਾਰਦਰਸ਼ਤਾ ਲਿਆਉਣ ’ਚ ਤਕਨਾਲੋਜੀ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
‘ਸਮਾਜ ’ਚ ਜੱਜਾਂ ਦੀ ਮਾਨਵੀ ਭੂਮਿਕਾ’ ਵਿਸ਼ੇ ’ਤੇ ਕਰਾਈ ਚਰਚਾ ਦੌਰਾਨ ਚੰਦਰਚੂੜ ਨੇ ਸੋਸ਼ਲ ਮੀਡੀਆ ’ਤੇ ਜੱਜਾਂ ਖ਼ਿਲਾਫ਼ ਕੀਤੀਆਂ ਜਾਣ ਵਾਲੀਆਂ ਕੁਝ ‘ਨਾਜਾਇਜ਼’ ਆਲੋਚਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਤਕਨਾਲੋਜੀ ਦਾ ਮਕਸਦ ਨਿਆਂਪਾਲਿਕਾ ਨੂੰ ਸਮਾਜ ਦੇ ਵੱਡੇ ਵਰਗ ਤੱਕ ਪਹੁੰਚਾਉਣ ’ਚ ਮਦਦ ਕਰਨਾ ਹੈ। ਉਨ੍ਹਾਂ ਕਿਹਾ, ‘‘ਚੋਣਾਂ ਸੰਵਿਧਾਨਕ ਲੋਕਤੰਤਰ ਦਾ ਮੂਲ ਆਧਾਰ ਹਨ। ਲੋਕਤੰਤਰ ’ਚ ਨਿਆਂਪਾਲਿਕਾ ਦੀ ਅਹਿਮ ਭੂਮਿਕਾ ਹੈ ਜਿਸ ’ਚ ਅਸੀਂ ਰਵਾਇਤ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦੇ ਹਾਂ ਅਤੇ ਇਸ ਭਾਵਨਾ ਨੂੰ ਵੀ ਦਰਸਾਉਂਦੇ ਹਾਂ ਕਿ ਇਕ ਚੰਗੇ ਸਮਾਜ ਦਾ ਭਵਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ।’’ ਫ਼ੈਸਲੇ ਸੁਣਾਉਂਦੇ ਸਮੇਂ ਸਿਆਸੀ ਅਤੇ ਸਮਾਜਿਕ ਦਬਾਅ ਦਾ ਸਾਹਮਣਾ ਕਰਨਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੱਜ ਵਜੋਂ 24 ਸਾਲ ਦੇ ਕਾਰਜਕਾਲ ’ਚ ਉਨ੍ਹਾਂ ਨੂੰ ਕਦੇ ਵੀ ਸਿਆਸੀ ਦਬਾਅ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। -ਪੀਟੀਆਈ