ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 4 ਜੂਨ
ਕੈਨੇਡੀਅਨ ਲੋਕਤੰਤਰ ਵਿੱਚ ਵਿਦੇਸ਼ੀ ਦਖ਼ਲ ਦੀ ਜਾਂਚ ਕਰਨ ਵਾਲੀ ਸੰਸਦੀ ਕੌਮੀ ਸੁਰੱਖਿਆ ਕਮੇਟੀ ਦੀ ਲੀਕ ਹੋਈ ਰਿਪੋਰਟ ਵਿਚ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ ਕਿ ਕੈਨੇਡਾ ਦੇ ਕੁੱਝ ਫੈਡਰਲ ਆਗੂ ਜਾਣ-ਬੁੱਝ ਕੇ ਚੀਨ, ਭਾਰਤ ਅਤੇ ਇਰਾਨ ਵਰਗੇ ਕੈਨੇਡਾ ਵਿਰੋਧੀ ਦੇਸ਼ਾਂ ਵੱਲੋਂ ਕੀਤੀ ਗਈ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ’ਚ ਹਿੱਸੇਦਾਰ ਬਣਦੇ ਰਹੇ ਹਨ। ਇਹ ਦੇਸ਼ ਦੇ ਲੋਕਤੰਤਰ ਲਈ ਘਾਤਕ ਹੈ। ਇਥੋਂ ਦੇ ਪ੍ਰਮੁੱਖ ਮੀਡੀਆ ਅਦਾਰੇ ‘ਗਲੋਬਲ ਨਿਊਜ਼’ ਨੇ ਕਮੇਟੀ ਦੀ 92 ਸਫਿਆਂ ਦੀ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਕੈਨੇਡਾ ਦੀ ਸੰਸਦ ਦੇ ਕੁੱਝ ਮੈਂਬਰ ਗੁਪਤ ਸਰਕਾਰੀ ਜਾਣਕਾਰੀ ਲੀਕ ਕਰਦੇ ਰਹੇ ਜੋ ਉਨ੍ਹਾਂ ਵੱਲੋਂ ਦੇਸ਼ ਦੇ ਸੰਵਿਧਾਨ ਪ੍ਰਤੀ ਚੁੱਕੀ ਗਈ ਸਹੁੰ ਦੀ ਉਲੰਘਣਾ ਹੈ। ਕਮੇਟੀ ਦੀ ਇਹ ਰਿਪੋਰਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈ ਮੰਤਰੀਆਂ, ਉੱਚ ਅਧਿਕਾਰੀਆਂ, ਲੋਕ ਸੇਵਕਾਂ ਅਤੇ ਖੁਫੀਆ ਵਿਭਾਗ ਦੇ ਉੱਚ ਅਫਸਰਾਂ ਦੀਆਂ ਇੰਟਰਵਿਊਜ਼ ਅਤੇ ਕੁਝ ਵਿਸ਼ੇਸ਼ ਦਸਤਾਵੇਜ਼ੀ ਤੱਥਾਂ ’ਤੇ ਆਧਾਰਿਤ ਹੈ। ਰਿਪੋਰਟ ਅਨੁਸਾਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀ ਚੋਣ ਵਿਚ ਭਾਰਤ ਨੇ ਇੱਕ ਵਾਰ ਤੇ ਚੀਨ ਨੇ ਦੋ ਵਾਰ ਭੂਮਿਕਾ ਨਿਭਾਈ ਹੈ। ਕਮੇਟੀ ਨੇ ਇਸੇ ਮੀਡੀਆ ਅਦਾਰੇ (ਗਲੋਬਲ ਨਿਊਜ਼) ਵੱਲੋਂ ਦੋ ਸਾਲ ਪਹਿਲਾਂ ਜਨਤਕ ਕੀਤੇ ਉਸ ਤੱਥਾਂ ਨੂੰ ਕੌੜੀ ਸਚਾਈ ਵਜੋਂ ਮੰਨਿਆ ਹੈ ਜੋ ਗੁਪਤ ਰਿਪੋਰਟਾਂ ਅਤੇ ਖੁਫੀਆ ਰਿਪੋਰਟਾਂ ਦੀਆਂ ਸਮੀਖਿਆਵਾਂ ’ਤੇ ਆਧਾਰਿਤ ਸੀ ਤੇ ਸਰਕਾਰ ਨੂੰ ਇਸ ਤੋਂ ਪੈਦਾ ਹੋਣ ਵਾਲੇ ਖਤਰਿਆਂ ਸਬੰਧੀ ਚੌਕਸ ਕੀਤਾ ਗਿਆ ਸੀ। ਉਦੋਂ ਸਿਰਫ ਚੀਨ ਵੱਲੋਂ ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਦਖ਼ਲਅੰਦਾਜ਼ੀ ਸਾਹਮਣੇ ਲਿਆਂਦੀ ਗਈ ਸੀ।