ਗਗਨਦੀਪ ਅਰੋੜਾ
ਲੁਧਿਆਣਾ, 5 ਜੂਨ
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਮਗਰੋਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਆਸ਼ੂ ਨੇ ਬੁੱਧਵਾਰ ਨੂੰ ਰਾਜਾ ਵੜਿੰਗ ਦੀ ਜਿੱਤ ਮਗਰੋਂ ਇੱਕ ਪੋਸਟ ਪਾ ਕੇ ਆਪਣਾ ਦਰਦ ਬਿਆਨ ਕੀਤਾ ਹੈ। ਇਸ ਵਿੱਚ ਉਨ੍ਹਾਂ ਲਿਖਿਆ ਹੈ: ‘ਰਸਤੇ ਵੀ ਜ਼ਿੱਦੀ ਹਨ, ਮੰਜ਼ਿਲਾਂ ਵੀ ਜ਼ਿੱਦੀ ਹਨ, ਦੇਖਦੇ ਹਾਂ ਕੱਲ੍ਹ ਨੂੰ ਕੀ ਹੁੰਦਾ ਹੈ, ਹੌਸਲੇ ਵੀ ਜ਼ਿੱਦੀ ਨੇ।’ ਆਸ਼ੂ ਦੀ ਇਸ ਪੋਸਟ ਦੇ ਕੀ ਮਾਇਨੇ ਹੋ ਸਕਦੇ ਹਨ, ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ ਕਿ ਆਸ਼ੂ ਹੁਣ ਅਗਲਾ ਕਦਮ ਕੀ ਚੁੱਕਣਗੇ? ਸਾਬਕਾ ਮੰਤਰੀ ਆਸ਼ੂ ਦੇ ਇਲਾਕੇ ਹਲਕਾ ਪੱਛਮੀ ’ਚ ਹਾਲਾਂਕਿ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਤੇ ਭਾਜਪਾ ਉੱਥੇ ਵੱਡੀ ਲੀਡ ਲੈ ਕੇ ਗਈ। ਰਾਜਾ ਵੜਿੰਗ ਦੀ ਜਿੱਤ ਮਗਰੋਂ ਆਸ਼ੂ ਨੇ ਚੁੱਪ ਧਾਰ ਲਈ ਸੀ। ਰਾਜਾ ਵੜਿੰਗ ਦੀ ਜਿੱਤ ਮਗਰੋਂ ਮਨਾਏ ਜਸ਼ਨ ’ਚ ਵੀ ਆਸ਼ੂ ਕਿਧਰੇ ਨਜ਼ਰ ਨਹੀਂ ਆਏ ਤੇ ਉਨ੍ਹਾਂ ਨਾ ਹੀ ਰਾਜਾ ਵੜਿੰਗ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ। ਜਦੋਂ ਰਾਜਾ ਵੜਿੰਗ ਪੀਏਯੂ ਵਿੱਚ ਜਿੱਤ ਮਗਰੋਂ ਸਰਟੀਫ਼ਿਕੇਟ ਲੈਣ ਪੁੱਜੇ ਤਾਂ ਆਸ਼ੂ ਉੱਥੇ ਵੀ ਨਜ਼ਰ ਨਹੀਂ ਆਏ ਤੇ ਨਾ ਹੀ ਮਗਰੋਂ ਪਾਰਕ ਪਲਾਜ਼ਾ ’ਚ ਹੋਈ ਪੱਤਰਕਾਰ ਮਿਲਣੀ ’ਚ ਦਿਖੇ। ਇਸ ਮਗਰੋਂ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਤੋਂ ਕਾਂਗਰਸ ਦੀ ਲੋਕ ਸਭਾ ਟਿਕਟ ਦੇ ਦਾਅਵੇਦਾਰ ਸਨ, ਪਰ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਰਾਜਾ ਵੜਿੰਗ ਨੂੰ ਦੇ ਦਿੱਤੀ। ਉਦੋਂ ਤੋਂ ਹੀ ਆਸ਼ੂ ਲਗਾਤਾਰ ਨਾਰਾਜ਼ ਚੱਲ ਰਹੇ ਸਨ।