ਦਲਬੀਰ ਸੱਖੋਵਾਲੀਆ
ਬਟਾਲਾ, 5 ਜੂਨ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਆਪਣੇ ਵਿਧਾਨ ਸਭਾ ਹਲਕੇ ਬਟਾਲਾ ਤੋਂ ਹਾਰੇ ਜਾਣ ’ਤੇ ਪਾਰਟੀ ਵਾਲੰਟੀਅਰ ਹੈਰਾਨ ਹਨ। ਇੱਥੋਂ ਕਾਂਗਰਸ ਦੇ ਜੇਤੂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਮਹਿਜ਼ 935 ਵੋਟਾਂ ਨਾਲ ਅੱਗੇ ਰਹੇ। ਇਸੇ ਤਰ੍ਹਾਂ ਸ੍ਰੀ ਕਲਸੀ ਹਲਕੇ ਦੇ ਹੋਰ ਨੌਂ ਵਿਧਾਨ ਸਭਾ ਹਲਕਿਆਂ ਤੋਂ ਵੀ ਸ੍ਰੀ ਰੰਧਾਵਾ ਤੋਂ ਪਛੜਦੇ ਰਹੇ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਵਿਧਾਇਕ ਨੇ ਜਿੰਨੀਆਂ ਵੋਟਾਂ ਲਈਆ ਸਨ, ਹੁਣ ਉਸ ਤੋਂ ਘੱਟਣ ਕਾਰਨ ਉਸ ਨੂੰ ਆਤਮ ਮੰਥਨ ਦੀ ਲੋੜ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ‘ਆਪ’ ਉਮੀਦਵਾਰ ਕਲਸੀ ਨੂੰ ਆਪਣੇ ਜੱਦੀ ਹਲਕੇ ਬਟਾਲਾ ਤੋਂ ਕੁੱਲ 35,713 ਵੋਟਾਂ ਮਿਲੀਆਂ, ਜਦੋਂਕਿ ਕਾਂਗਰਸ ਦੇ ਜੇਤੂ ਸ੍ਰੀ ਰੰਧਾਵਾ ਨੂੰ 36,648 ਵੋਟਾਂ ਪਈਆਂ। ਇਸੇ ਤਰ੍ਹਾਂ ਹਲਕਾ ਕਾਂਦੀਆ ਤੋਂ ‘ਆਪ’ ਨੂੰ 38,654 ਵੋਟਾਂ, ਭਾਜਪਾ ਦੇ ਸ੍ਰੀ ਬੱਬੂ ਨੂੰ 12,959 ਅਤੇ ਕਾਂਗਰਸ ਨੂੰ 41,806 ਵੋਟਾਂ ਮਿਲੀਆਂ। ਸ੍ਰੀ ਰੰਧਾਵਾ ਦੇ ਜੱਦੀ ਹਲਕਾ ਡੇਰਾ ਬਾਬਾ ਨਾਨਕ ਤੋਂ ਉਨ੍ਹਾਂ ਨੂੰ 48,198 ਵੋਟਾਂ, ‘ਆਪ’ ਨੂੰ 44,238 ਅਤੇ ਭਾਜਪਾ ਨੂੰ 5,981 ਵੋਟਾਂ ਮਿਲੀਆਂ। ਇਸੇ ਤਰ੍ਹਾਂ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਨੂੰ 42,512, ‘ਆਪ’ ਨੂੰ 39,640 ਅਤੇ ਭਾਜਪਾ ਨੂੰ 15,713 ਵੋਟਾਂ ਪਈਆਂ। ਜਦੋਂਕਿ ਹਲਕਾ ਦੀਨਾਨਗਰ ਤੋਂ ਸ੍ਰੀ ਰੰਧਾਵਾ ਨੂੰ 47,119, ‘ਆਪ’ 27,647 ਅਤੇ ਭਾਜਪਾ ਨੂੰ 36,860 ਵੋਟਾਂ ਪਈਆਂ। ਹਲਕਾ ਗੁਰਦਾਸਪੁਰ ’ਚ ਕਾਂਗਰਸ ਉਮੀਦਵਾਰ ਨੇ ਆਪਣੀ ਲੀਡ ਬਰਕਰਾਰ ਰੱਖਦਿਆਂ 36,981 ਵੋਟਾਂ, ‘ਆਪ’ ਨੂੰ 34,228 ਅਤੇ ਭਾਜਪਾ ਨੂੰ 21,954 ਵੋਟਾਂ ਮਿਲੀਆਂ। ਪਠਾਨਕੋਟ ’ਚ ਕਾਂਗਰਸ ਨੂੰ 30,668 ਵੋਟਾਂ, ‘ਆਪ’ ਨੂੰ 16,646 ਅਤੇ ਭਾਜਪਾ 52,122 ਨੂੰ ਵੋਟਾਂ ਮਿਲੀਆਂ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਹਲਕੇ ’ਚ ਭਾਜਪਾ ਉਮੀਦਵਾਰ ਸ੍ਰੀ ਬੱਬੂ ਨੇ 56,393 ਵੋਟਾਂ ਲੈ ਕੇ ਲੀਡ ਬਣਾਈ, ਕਾਂਗਰਸ 43,577 ਜਦੋਂਕਿ ‘ਆਪ’ ਨੂੰ 21,372 ਵੋਟਾਂ ਪਈਆਂ। ਭਾਜਪਾ ਦੇ ਦਿਨੇਸ਼ ਬੱਬੂ ਨੇ ਆਪਣੇ ਜੱਦੀ ਹਲਕੇ ਸੁਜਾਨਪੁਰ ’ਚ ਆਪਣੀ ਵੱਡੀ ਲੀਡ ਬਣਾ ਕੇ 62,785 ਵੋਟਾਂ ਹਾਸਲ ਕੀਤੀਆਂ, ਕਾਂਗਰਸ ਨੂੰ 36,004 ਅਤੇ ‘ਆਪ’ ਨੂੰ 17,258 ਵੋਟਾਂ ਹੀ ਮਿਲੀਆਂ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕੁੱਲ 26 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇੱਥੋਂ ਪਹਿਲੇ ਤਿੰਨ ਨੂੰ ਛੱਡ ਕੇ ਬਾਕੀ ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਵੀ ਸ਼ਾਮਲ ਹਨ।