ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੂਨ
ਐੱਸਕੇਐੱਮ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਵਿਚਲੇ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ਸਣੇ ਹੋਰ ਥਾਵਾਂ ’ਤੇ ਚਾਰ ਮਹੀਨਿਆਂ ਤੋਂ ਪੱਕੇ ਮੋਰਚੇ ਲਾ ਕੇ ਬੈਠੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕਿਸਾਨ ਸੰਘਰਸ਼ ਹੀ ਭਾਜਪਾ ਦੀਆਂ ਜੜ੍ਹਾਂ ਵਿੱਚ ਬੈਠਿਆ ਹੈ। ਇਨ੍ਹਾਂ ਮੋਰਚਿਆਂ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਅਭਿਮੰਨਿਊ, ਮਨਜੀਤ ਸਿੰਘ ਘੁਮਾਣਾ, ਜਸਵਿੰਦਰ ਸਿੰਘ ਲੌਂਗੋਵਾਲ, ਅਮਰੀਤ ਸਿੰਘ ਮੌੜ੍ਹੀ, ਜੰਗ ਸਿੰਘ ਭਟੇੜੀ, ਮਨਜੀਤ ਨਿਆਲ ਤੇ ਗੁਰਧਿਆਨ ਸਿਓਣਾ ਦਾ ਕਹਿਣਾ ਹੈ ਕਿ ਪਿਛਲੇ ਕਿਸਾਨ ਅੰਦੋਲਨ ਦੌਰਾਨ ਮੰਗਾਂ ਮੰਨ ਕੇ ਵੀ ਲਾਗੂ ਨਾ ਕਰ ਕੇ ਮੋਦੀ ਸਰਕਾਰ ਨੇ ਵਾਅਦਾਖ਼ਿਲਾਫ਼ੀ ਕੀਤੀ। ਇਨ੍ਹਾਂ ਹੀ ਮੰਗਾਂ ਦੀ ਪੂਰਤੀ ਲਈ 13 ਫਰਵਰੀ ਨੂੰ ਹਜ਼ਾਰਾਂ ਕਿਸਾਨ ਦਿੱਲੀ ਜਾ ਰਹੇ ਸਨ ਤਾਂ ਹਕੂਮਤ ਨੇ ਹਰਿਆਣਾ ਦੇ ਬਾਰਡਰਾਂ ’ਤੇ ਕੰਧਾਂ ਕੱਢਣ ਸਣੇ ਸੜਕਾਂ ’ਤੇ ਕਿੱਲਾਂ ਆਦਿ ਵਿਛਾ ਕੇ ਬਾਰਡਰ ਹੀ ਸੀਲ ਕਰ ਦਿੱਤੇ। ਇਸ ਮਗਰੋਂ ਹਰਿਆਣਾ ਪੁਲੀਸ ਨੇ ਗੋਲੀ ਮਾਰ ਕੇ ਕਿਸਾਨ ਸ਼ੁਭਕਰਨ ਸਿੰਘ ਬੱਲੋ ਨੂੰ ਸ਼ਹੀਦ ਕਰ ਦਿੱਤਾ ਜਦਕਿ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਦਾਗ ਕੇ ਕਈ ਹੋਰ ਕਿਸਾਨਾਂ ਨੂੰ ਜ਼ਖ਼ਮੀ ਕੀਤਾ।
ਹਰਿਆਣਾ ਪੁਲੀਸ ਨੇ ਕਿਸਾਨਾਂ ਦੇ ਟਰੈਕਟਰ ਤੇ ਹੋਰ ਵਸਤਾਂ ਦੀ ਤੋੜ-ਭੰਨ ਕਰਨ ਸਣੇ ਕਈ ਕਿਸਾਨਾਂ ਦੀ ਕੁੱਟਮਾਰ ਵੀ ਕੀਤੀ। ਇਸ ਮਗਰੋਂ ਹੀ ਦੋਵਾਂ ਜਥੇਬੰਦੀਆਂ ਨੇ ਬਾਰਡਰਾਂ ’ਤੇ ਬਹਿ ਕੇ ਕੇਂਦਰ ਨਾਲ ਲੜਾਈ ਲੜਨ ਦਾ ਫ਼ੈਸਲਾ ਲਿਆ। ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਦੇ ਘਿਰਾਓ ਕਰਦਿਆਂ ਸਵਾਲ ਵੀ ਪੁੱਛੇ ਤੇ ਲੋਕਾਂ ਨੂੰ ਭਾਜਪਾ ਖ਼ਿਲਾਫ਼ ਲਾਮਬੰਦ ਕੀਤਾ। ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਭਾਜਪਾ ਵਿਰੋਧੀ ਪ੍ਰੋਗਰਾਮਾਂ ਕਾਰਨ ਹੀ ਭਾਜਪਾ ਤੇ ਹਮਾਇਤੀ ਧਿਰਾਂ 300 ਤੋਂ ਵੀ ਘੱਟ ਸੀਟਾਂ ਲੈ ਸਕੀਆਂ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਚਾਰ ਸੌ ਤੋਂ ਪਾਰ’ ਦਾ ਹੋਕਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਉਨ੍ਹਾਂ ਦਾ ਸੰਘਰਸ਼ ਚੱਲਦਾ ਰਹੇਗਾ।