ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੂਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਮੁਤਾਬਕ ਸੱਤਾਧਾਰੀ ਧਿਰ ‘ਆਪ’ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ (ਸਿਹਤ ਮੰਤਰੀ) ਨੇ ਭਾਵੇਂ ਜੇਤੂ ਰਹੇ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਪੂਰੀ ਟੱਕਰ ਦਿੱਤੀ ਅਤੇ ਉਹ ਡਾ. ਗਾਂਧੀ ਕੋਲੋਂ 14,841 ਵੋਟਾਂ ਦੇ ਫ਼ਰਕ ਨਾਲ ਹੀ ਹਾਰੇ, ਪਰ ਪਟਿਆਲਾ ਸੰਸਦੀ ਸੀਟ ਵਿਚਲੇ ਸਾਰੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਦੇ ਵਿਧਾਇਕ ਹੋਣ ਦੇ ਬਾਵਜੂਦ ਉਹ ਪੰਜ ਵਿਧਾਨ ਸਭਾਈ ਹਲਕਿਆਂ ਵਿੱਚੋਂ ਹਾਰ ਗਏ ਹਨ। ਜੇ ਅਜਿਹਾ ਨਾ ਹੁੰਦਾ ਤਾਂ ਉਹ ਐੱਮਪੀ ਵੀ ਬਣ ਸਕਦੇ ਸਨ।
ਜਾਣਕਾਰੀ ਅਨੁਸਾਰ ਉਨ੍ਹਾਂ ਆਪਣੇ ਹਲਕੇ ਪਟਿਆਲਾ ਦਿਹਾਤੀ ਵਿੱਚੋਂ ਲੀਡ ਹਾਸਲ ਕੀਤੀ ਹੈ ਜਿਸ ਦੌਰਾਨ ਉਨ੍ਹਾਂ ਨੂੰ 37,446 ਵੋਟਾਂ ਪਈਆਂ ਜਦਕਿ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 34,985 ਤੇ ਭਾਜਪਾ ਦੀ ਪ੍ਰਨੀਤ ਕੌਰ ਨੂੰ 30,320 ਵੋਟਾਂ ਪਈਆਂ। ਘਨੌਰ ਹਲਕੇ ਵਿੱਚ ਡਾ. ਧਰਮਵੀਰ ਗਾਂਧੀ ਨੂੰ ਸਭ ਤੋਂ ਵੱਧ 37,633 ਵੋਟਾਂ ਮਿਲੀਆਂ ਜਦਕਿ ਡਾ. ਬਲਬੀਰ ਸਿੰਘ ਨੂੰ 28,543 ਤੇ ਪ੍ਰਨੀਤ ਕੌਰ ਨੂੰ 14,764 ਵੋਟਾਂ ਮਿਲੀਆਂ। ਹਲਕਾ ਨਾਭਾ ਵਿੱਚ ਵੀ ‘ਆਪ’ ਉਮੀਦਵਾਰ ਪਿੱਛੇ ਰਿਹਾ, ਕਿਉਂਕਿ ਇੱਥੋਂ ਡਾ. ਧਰਮਵੀਰ ਗਾਂਧੀ 36,230, ਡਾ. ਬਲਬੀਰ ਨੂੰ 32,577 ਜਦਕਿ ਪ੍ਰਨੀਤ ਕੌਰ ਨੂੰ 22,198 ਨੂੰ ਵੋਟਾਂ ਮਿਲੀਆਂ। ਉਂਝ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਹਲਕਾ ਸਨੌਰ ਵਿੱਚ ਡਾ. ਬਲਬੀਰ ਸਿੰਘ ਮੋਹਰੀ ਰਹੇ, ਜਿਨ੍ਹਾਂ ਨੂੰ 43,048 ਵੋਟਾਂ ਪਈਆਂ ਜਦਕਿ ਡਾ. ਧਰਮਵੀਰ ਗਾਂਧੀ ਨੂੰ 37,846 ਤੇ ਪ੍ਰਨੀਤ ਕੌਰ ਨੂੰ 25670 ਵੋਟਾਂ ਪਈਆਂ। ਸਮਾਣਾ ਵਿੱਚ ਡਾ. ਬਲਬੀਰ ਸਿੰਘ ਨੇ 36,141 ਵੋਟਾਂ ਹਾਸਲ ਕਰਦਿਆਂ ਲੀਡ ਲਈ ਜਦਕਿ ਇੱਥੋਂ ਡਾ. ਧਰਮਵੀਰ ਗਾਂਧੀ ਨੂੰ 28,937 ਤੇ ਪ੍ਰਨੀਤ ਕੌਰ ਨੂੰ 26,387 ਵੋਟਾਂ ਪਈਆਂ। ਸ਼ੁਤਰਾਣਾ ਹਲਕੇ ਵਿੱਚ ਵੀ ਡਾ. ਬਲਬੀਰ ਸਿੰਘ ਮੋਹਰੀ ਰਹੇ, ਜਿਨ੍ਹਾਂ ਨੂੰ 32,499, ਡਾ. ਧਰਮਵੀਰ ਗਾਂਧੀ ਨੂੰ 2,735 ਤੇ ਪ੍ਰਨੀਤ ਕੌਰ ਨੂੰ 24,501 ਵੋਟਾਂ ਪਈਆਂ। ‘ਆਪ’ ਉਮੀਦਵਾਰ ਨੂੰ ਹਾਰ ਦੇਣ ਵਾਲੇ ਹਲਕਿਆਂ ਵਿੱਚੋਂ ਵਿਧਾਇਕ ਅਜੀਤਪਾਲ ਕੋਹਲੀ ਦੇ ਪਟਿਆਲਾ ਸ਼ਹਿਰੀ ਹਲਕੇ ਵਿੱਚੋਂ ਪ੍ਰਨੀਤ ਕੌਰ ਨੂੰ ਸਭ ਤੋਂ ਵੱਧ 41,548 ਵੋਟਾਂ ਮਿਲੀਆਂ ਜਦਕਿ 23,035 ਵੋਟਾਂ ਨਾਲ ਦੂਜਾ ਨੰਬਰ ਡਾ. ਧਰਮਵੀਰ ਗਾਂਧੀ ਦਾ ਰਿਹਾ ਜਦਕਿ ਡਾ. ਬਲਬੀਰ 21,105 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ। ਰਾਜਪੁਰਾ ਵਿੱਚ ਪ੍ਰਨੀਤ ਕੌਰ ਨੂੰ ਸਭ ਤੋਂ ਵੱਧ 37,340 ਵੋਟ ਮਿਲੇ ਜਦਕਿ ਡਾ. ਧਰਮਵੀਰ ਗਾਂਧੀ ਨੂੰ 32,032 ਤੇ ਡਾ. ਬਲਬੀਰ ਸਿੰਘ ਨੂੰ 22,336 ਵੋਟਾਂ ਪਈਆਂ। ਡੇਰਾਬਸੀ ਹਲਕੇ ਵਿੱਚੋਂ ਵੀ ਪ੍ਰਨੀਤ ਕੌਰ ਨੇ ਹੀ ਸਭ ਤੋਂ ਵੱਧ 65,742 ਵੋਟਾਂ ਹਾਸਲ ਕਰਦਿਆਂ ਬਾਕੀਆਂ ਨੂੰ ਪਛਾੜ ਦਿੱਤਾ। ਇੱਥੋਂ ਡਾ. ਧਰਮਵੀਰ ਗਾਂਧੀ 46,621 ਵੋਟਾਂ ਨਾਲ ਦੂਜੇ ਅਤੇ ਡਾ. ਬਲਬੀਰ ਸਿੰਘ 36,390 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ।