ਗਗਨਦੀਪ ਅਰੋੜਾ
ਲੁਧਿਆਣਾ, 5 ਜੂਨ
ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਲੋਕ ਸਭਾ ਚੋਣ ਹਾਰਨ ਮਗਰੋਂ ਅੱਜ ਸੋਸ਼ਲ ਮੀਡੀਆ ਫੇਸਬੁੱਕ ’ਤੇ ਲਾਈਵ ਹੋਏ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਪਾਈਆਂ ਵੋਟਾਂ ਲਈ ਲੁਧਿਆਣਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਾਰ ਤੇ ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਭਾਜਪਾ ਵਰਕਰ ਡਟ ਕੇ ਲੜਾਈ ਲੜਨ ਲਈ ਤਿਆਰ ਹਨ। ਹੁਣ ਆਉਣ ਵਾਲੇ ਸਮੇਂ ’ਚ ਨਗਰ ਨਿਗਮ ਚੋਣਾਂ ਹਨ ਤੇ ਇਨ੍ਹਾਂ ’ਚ ਵਿਰੋਧੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਸ਼ਹਿਰੀ ਇਲਾਕਿਆਂ ’ਚ ਪਈ ਬੰਪਰ ਵੋਟਿੰਗ ਨਾਲ ਭਾਜਪਾ ਆਗੂ ਸ੍ਰੀ ਬਿੱਟੂ ਨੇ ਦਾਅਵਾ ਕੀਤਾ ਕਿ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਨਿਗਮ ’ਚ ਭਾਜਪਾ ਦਾ ਮੇਅਰ ਬਣੇਗਾ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਦੇ ਨਾਲ-ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਸ੍ਰੀ ਬਿੱਟੂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਹਿੰਦੇ ਰਹੇ ਹਨ ਕਿ ਕੇਂਦਰ ’ਚ ਤੀਜੀ ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ, ਪਰ ਲੁਧਿਆਣਾ ਦੇ ਲੋਕਾਂ ਨੇ ਜੋ ਫ਼ੈਸਲਾ ਲਿਆ ਹੈ, ਉਨ੍ਹਾਂ ਨੂੰ ਉਹ ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸਹਿਯੋਗ ਬਿਨਾਂ ਪੰਜਾਬ ਦੀ ਭਲਾਈ ਨਹੀਂ ਹੋ ਸਕਦੀ। ਲੁਧਿਆਣਾ ਇੰਡਸਟਰੀ ਹੱਬ ਹੈ ਤੇ ਇੱਥੋਂ ਦੀ ਸਨਅਤ ਦੀ ਬਿਹਤਰੀ ਲਈ ਭਾਜਪਾ ਹੀ ਸਹੀ ਕਦਮ ਚੁੱਕ ਸਕਦੀ ਹੈ। ਇੱਥੋਂ ਵੱਡੀ ਗਿਣਤੀ ’ਚ ਲੋਕਾਂ ਨੇ ਭਾਜਪਾ ਨੂੰ ਵੋਟ ਪਾਈ ਹੈ ਤੇ ਉਹ ਲੋਕਾਂ ਦਾ ਕਰਜ਼ ਨਹੀਂ ਉਤਾਰ ਸਕਦੇ। ਲੁਧਿਆਣਾ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਉਹ ਲਗਾਤਾਰ ਕੰਮ ਕਰਦੇ ਰਹਿਣਗੇ। ਭਾਜਪਾ ਦੀ ਕੇਂਦਰ ’ਚ ਸਰਕਾਰ ਬਣਨ ਜਾ ਰਹੀ ਹੈ ਤੇ ਜੋ ਵੀ ਵੱਡਾ ਪ੍ਰਾਜੈਕਟ ਹੋ ਸਕੇਗਾ, ਉਹ ਸ੍ਰੀ ਮੋਦੀ ਨਾਲ ਗੱਲ ਕਰਕੇ ਜ਼ਰੂਰ ਲਿਆਉਣਗੇ।
ਉਨ੍ਹਾਂ ਆਪਣੀ ਹਾਰ ਦਾ ਜ਼ਿੰਮਾ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰਾਂ ’ਤੇ ਸੁੱਟਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ ’ਚ ਕਾਫ਼ੀ ਨੁਕਸਾਨ ਹੋਇਆ, ਜਿੱਥੇ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਗਿਆ। ਉਹ ਜਿਸ ਪਿੰਡ ’ਚ ਵੀ ਗਏ, ਉੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਾਲਿਆਂ ਨੇ ਕਿਸਾਨੀ ਝੰਡੇ ਲੈ ਕੇ ਉਨ੍ਹਾਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਵਧੀਆ ਪ੍ਰਦਰਸ਼ਨ ਕਰ ਕੇ ਆਪਣਾ ਵੋਟ ਬੈਂਕ ਕਾਫ਼ੀ ਮਜ਼ਬੂਤ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ’ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ।