ਪੱਤਰ ਪ੍ਰੇਰਕ
ਯਮੁਨਾਨਗਰ, 5 ਜੂਨ
ਗੁਰੂ ਨਾਨਕ ਖ਼ਾਲਸਾ ਵਿਦਿਅਕ ਸੰਸਥਾਵਾਂ ਨੇ ਸੁਸਾਇਟੀ ਆਫ਼ ਐਨਵਾਇਰਮੈਂਟ ਮੈਨੇਜਮੈਂਟ ਅਤੇ ਬਾਇਓ-ਰਿਸਰਚ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਉਤਸ਼ਾਹ ਨਾਲ ਮਨਾਇਆ।
ਸਮਾਗਮ ਦੀ ਸ਼ੁਰੂਆਤ ਗ੍ਰੇ-ਪੈਲੀਕਨ ਹਰਿਆਣਾ ਟੂਰਿਜ਼ਮ ਰਿਜ਼ੌਰਟ ਨੇੜੇ ਪੱਛਮੀ ਯਮੁਨਾ ਨਹਿਰ ਦੇ ਨਾਲ-ਨਾਲ ਖੇਤਰ ਦੀ ਸੁੰਦਰਤਾ ਨੂੰ ਵਧਾਉਣ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਗਿਣਤੀ ਵਿੱਚ ਬੂਟੇ ਲਾ ਕੇ ਕੀਤੀ ਗਈ। ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਬੂਟੇ ਲਾਉਣ ਦੀ ਅਹਿਮ ਭੂਮਿਕਾ ’ਤੇ ਵਿਚਾਰ ਪੇਸ਼ ਕੀਤੇ। ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਅਕਾਦਮਿਕ ਸੰਸਥਾਵਾਂ, ਵਾਤਾਵਰਨ ਪ੍ਰਬੰਧਨ ਅਤੇ ਬਾਇਓ-ਰਿਸਰਚ ਸੁਸਾਇਟੀ ਵਿਚਕਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਵਾਤਾਵਰਨ ਸੰਭਾਲ ਪ੍ਰਤੀ ਸਮੂਹਿਕ ਵਚਨਬੱਧਤਾ ਨੂੰ ਉਭਾਰਦੇ ਹਨ।
ਸਮਾਗਮ ਵਿੱਚ ਡਾ. ਕੁਮਾਰ ਗੌਰਵ ਪਿ੍ੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਫਾਰਮੇਸੀ, ਡਾ. ਅਮਿਤ ਜੋਸ਼ੀ ਡਾਇਰੈਕਟਰ ਗੁਰੂ ਨਾਨਕ ਖ਼ਾਲਸਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਵਾਤਾਵਰਨ ਸੁਸਾਇਟੀ ਦੇ ਪਤਵੰਤੇ ਸੱਜਣ ਅਸ਼ੋਕ ਕੱਕੜ, ਪਵਨ ਕੁਮਾਰ ਅਤੇ ਅਜੇ ਕੁਮਾਰ ਵੀ ਹਾਜ਼ਰ ਸਨ। ਗੁਰੂ ਨਾਨਕ ਖ਼ਾਲਸਾ ਗਰੁੱਪ ਆਫ਼ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਣਦੀਪ ਸਿੰਘ ਜੌਹਰ ਨੇ ਸਮਾਜ ਸੇਵਾ ਦੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਲੋਕਾਂ ਨੂੰ ਬੂਟੇ ਲਾਉਣ ਬਾਰੇ ਜਾਗਰੂਕ ਕੀਤਾ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਵਿਸ਼ਵ ਵਾਤਾਵਰਨ ਦਿਵਸ ਜ਼ਿਲ੍ਹਾ ਆਯੁਰਵੈਦ ਅਧਿਕਾਰੀ ਡਾ. ਸੁਦੇਸ਼ ਜਾਟੀਆਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਯੂਸ਼ ਵਿਭਾਗ, ਕੁਰੂਕਸ਼ੇਤਰ ਅਧੀਨ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਵਿਚ ਮਨਾਇਆ ਗਿਆ। ਇਸ ਮੌਕੇ ਅਰੋਗਿਆ ਮੰਦਰ ਉਮਰੀ ਦੇ ਮੈਦਾਨ ਵਿਚ ਬੂਟੇ ਲਗਾਉਣ ਦੀ ਸਹੁੰ ਚੁਕਾਈ ਗਈ ਤੇ ਬੂਟੇ ਲਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਜ਼ਿਲ੍ਹਾ ਆਯੁਰਵੇਦਿਕ ਅਧਿਕਾਰੀ ਸੁਦੇਸ਼ ਜਾਟੀਆਨ ਨੇ ਕਿਹਾ ਕਿ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਪੌਦੇ ਲਾਉਣ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਕਾਰਨ ਹੀ ਵਾਤਾਵਰਣ ਸੁਰੱਖਿਅਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਆਪਣੇ ਘਰਾਂ, ਸਕੂਲਾਂ, ਧਰਮਸ਼ਾਲਾਵਾਂ ,ਜਨਤਕ ਥਾਵਾਂ ’ਤੇ ਪੌਦੇ ਲਾਈਏ ਤੇ ਉਨ੍ਹਾਂ ਦੀ ਸੰਭਾਲ ਵੀ ਕਰੀਏ ਤਾਂ ਜੋ ਵਾਤਾਵਰਨ ਸਾਫ ਸੁਥਰਾ ਰਹੇ।