ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਜੂਨ
ਅੰਬਾਲਾ ਲੋਕ ਸਭਾ ਹਲਕੇ ਦੀ ਚੋਣ ਲਈ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਵਿੱਚ ਸਿੱਧਾ ਮੁਕਾਬਲਾ ਸੀ। ਭਾਜਪਾ ਉਮੀਦਵਾਰ ਬੰਤੋ ਕਟਾਰੀਆ ਨੇ ਸਵੇਰੇ ਮਨਸਾ ਦੇਵੀ ਪੰਚਕੂਲਾ ਵਿਖੇ ਮੱਥਾ ਟੇਕਿਆ ਪਰ ਅੰਬਾਲਾ ਨਹੀਂ ਆਏ ਜਦੋਂ ਕਿ ਕਾਂਗਰਸੀ ਉਮੀਦਵਾਰ ਵਰੁਣ ਚੌਧਰੀ ਸਵੇਰੇ ਕਰੀਬ 8 ਵਜੇ ਅੰਬਾਲਾ ਕੈਂਟ ਦੇ ਐੱਸਡੀ ਕਾਲਜ ਸਥਿਤ ਕਾਊਂਟਿੰਗ ਸੈਂਟਰ ਵਿੱਚ ਪਹੁੰਚ ਗਏ। ਉਹ ਸਵੇਰ ਤੋਂ ਹੀ ਆਪਣੀ ਜਿੱਤ ਲਈ ਆਸਵੰਦ ਨਜ਼ਰ ਆ ਰਹੇ ਸਨ ਅਤੇ ਦੇਰ ਰਾਤ ਨੂੰ ਜਿੱਤ ਦਾ ਸਰਟੀਫਿਕੇਟ ਲੈ ਕੇ ਹੀ ਗਿਣਤੀ ਕੇਂਦਰ ਤੋਂ ਬਾਹਰ ਆਏ। ਵਰੁਣ ਐੱਸਡੀ ਕਾਲਜ ਵਿੱਚ ਬਣੇ ਮੀਡੀਆ ਸੈਂਟਰ ਵਿੱਚ ਪੱਤਰਕਾਰਾਂ ਵਿਚਕਾਰ ਬੈਠ ਕੇ ਖ਼ੁਦ ਅੰਬਾਲਾ ਸੀਟ ਦੇ ਨਤੀਜੇ ਦੇਖਦੇ ਰਹੇ। ਡੀਸੀ ਨੇ ਰਾਤ 9.40 ਵਜੇ ਵਰੁਣ ਨੂੰ ਜਿੱਤ ਦਾ ਸਰਟੀਫਿਕੇਟ ਸੌਂਪਿਆ। ਸਰਟੀਫਿਕੇਟ ਮਿਲਦਿਆਂ ਹੀ ਸੰਸਦ ਮੈਂਬਰ ਵਰੁਣ ਮਾਤਾ ਬਾਲਾ ਸੁੰਦਰੀ ਮੰਦਰ ਵਿਚ ਮੱਥਾ ਟੇਕਣ ਲਈ ਸਿੱਧੇ ਮੁਲਾਣਾ ਪਹੁੰਚੇ ਜਿੱਥੇ ਵਰਕਰਾਂ ਨੇ ਢੋਲ-ਢਮੱਕੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ।