ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 6 ਜੂਨ
ਚੰਡੀਗੜ੍ਹ ਨਗਰ ਨਿਗਮ ਨੇ ਲੋੜਵੰਦ ਲੋਕਾਂ ਨੂੰ ਸਸਤੀਆਂ ਵਸਤਾਂ ਪ੍ਰਦਾਨ ਕਰਨ ਅਤੇ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ (ਆਰਆਰਆਰ) ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਥੇ ਡੱਡੂਮਾਜਰਾ ਕਲੋਨੀ ਦੇ ਕਮਿਊਨਿਟੀ ਸੈਂਟਰ ਵਿੱਚ ਆਪਣਾ ਅੱਠਵਾਂ ‘ਵਨ ਰੁਪੀ ਸਟੋਰ’ ਖੋਲ੍ਹਿਆ। ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਨਵੇਂ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਸੈਕਟਰ 17 ਵਿੱਚ ਨਗਰ ਨਿਗਮ ਦੇ ਸਥਾਈ ਆਰਆਰਆਰ ਸੈਂਟਰ ਨੂੰ ਪਿਛਲੇ ਇੱਕ ਸਾਲ ਦੌਰਾਨ ਸ਼ਹਿਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਅੱਠਵਾਂ ਸਫਲ ‘ਵਨ ਰੁਪੀ ਸਟੋਰ’ ਹੈ ਅਤੇ ਨਗਰ ਨਿਗਮ ਸਮਾਜ ਦੀ ਸੇਵਾ ਲਈ ਭਵਿੱਖ ਵਿੱਚ ਸ਼ਹਿਰ ਭਰ ਵਿੱਚ ਅਜਿਹੇ ਹੋਰ ਸਟੋਰ ਖੋਲ੍ਹਣ ਲਈ ਵਚਨਬੱਧ ਹੈ।