ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 6 ਜੂਨ
ਬਜ਼ਮੇ ਅਹਲੇ ਸੁਖ਼ਨ ਦੇ ਪ੍ਰਧਾਨ ਮੁੱਕਰਮ ਸੈਫ਼ੀ ਨੇ ਕਿਹਾ ਕਿ ‘ਆਪ’ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦਾ ਮਾਲੇਰਕੋਟਲਾ ਹਲਕੇ ਤੋਂ ਹਾਰ ਜਾਣਾ ਕੋਈ ਇਤਫ਼ਾਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਦੇ ਬਾਵਜੂਦ ਮਾਲੇਰਕੋਟਲਾ ਤੋਂ ਉਨ੍ਹਾਂ ਦੀ ਹਾਰ ਮਾਲੇਰਕੋਟਲਾ ਦੇ ਵੋਟਰਾਂ ਵੱਲੋਂ ਇੱਕ ਖਾਮੋਸ਼ ਸੁਨੇਹਾ ਹੈ। ਸ੍ਰੀ ਸੈਫ਼ੀ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚੋਂ 8 ਹਲਕਿਆਂ ਤੋਂ ਤਾਂ ਮੀਤ ਹੇਅਰ ਨੂੰ ਭਰਵਾਂ ਹੁੰਗਾਰਾ ਮਿਲਿਆ ਪਰ ਮਾਲੇਰਕੋਟਲਾ ਹਲਕੇ ਵਿੱਚ ਉਹ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਤੋਂ ਪਛੜ ਗਏ। ਮਾਲੇਰਕੋਟਲਾ ਤੋਂ ਮੀਤ ਹੇਅਰ ਨੂੰ ਹੋਰਨਾਂ ਵਾਂਗ ਹੁੰਗਾਰਾ ਨਾ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਮਾਲੇਰਕੋਟਲਾ ਦੇ ਲੋਕ ‘ਆਪ’ ਦੀਆਂ ਨੀਤੀਆਂ ਤੋਂ ਨਾਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਹਲਕੇ ਤੋਂ ਮੀਤ ਹੇਅਰ ਨੂੰ 33854 ਵੋਟਾਂ ਮਿਲਣਾ ਮਹਿਜ਼ ਇਤਫ਼ਾਕ ਨਹੀਂ ਹੈ ਜਦਕਿ ਇਸ ਵਿੱਚ ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਤੋਂ ਇਲਾਵਾ ਹੋਰਨਾਂ ਪਾਰਟੀ ਆਗੂਆਂ ਦਾ ਯੋਗਦਾਨ ਹੈ। ਸ੍ਰੀ ਸੈਫੀ ਨੇ ਕਿਹਾ ਕਿ ਪੰਜਾਬ ਵਿੱਚ ਮਾਲੇਰਕੋਟਲਾ ਵਿਧਾਨ ਸਭਾ ਅਜਿਹਾ ਹਲਕਾ ਹੈ, ਜਿਸ ਤੋਂ ਹਰ ਪਾਰਟੀ ਦੀ ਸਰਕਾਰ ’ਚ ਮੁਸਲਿਮ ਵਿਧਾਇਕ ਨੁਮਾਇੰਦਗੀ ਕਰਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ’ਚ ਕਿਸੇ ਵੀ ਪਾਰਟੀ ਦੀ ਸਰਕਾਰ ’ਚ ਮਾਲੇਰਕੋਟਲਾ ਦਾ ਮੁਸਲਿਮ ਭਾਈਚਾਰੇ ਨਾਲ ਸਬੰਧਤ ਵਿਧਾਇਕ ਮੰਤਰੀ ਮੰਡਲ ਵਿੱਚ ਸ਼ਾਮਲ ਹੁੰਦਾ ਹੈ, ਪਰ ਇਸ ਵਾਰ ਇੱਥੋਂ ਦੇ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਹੁਣ ਤੱਕ ਮਾਲੇਰਕੋਟਲਾ ਲਈ ਕੋਈ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਪੰਜਾਬ ਵਕਫ਼ ਬੋਰਡ ਦੇ ਮਾਮਲੇ ’ਚ ਵੀ ਸਰਕਾਰ ਨੇ ਮਾਲੇਰਕੋਟਲਾ ਦੇ ਲੋਕਾਂ ਨੂੰ ਚੋਣ ਜ਼ਾਬਤੇ ਦੇ ਨਾਂ ’ਤੇ ਲਾਲੀਪੌਪ ਹੀ ਦਿੱਤਾ ਹੈ ਜਿਸ ਕਾਰਨ ਮਾਲੇਰਕੋਟਲਾ ਦੇ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ‘ਆਪ’ ਦੀ ਲੀਡਰਸ਼ਿਪ ਨੂੰ ਲੋਕਾਂ ਦੇ ਖਾਮੋਸ਼ ਸੰਦੇਸ਼ ਨੂੰ ਸਮਝਣਾ ਚਾਹੀਦਾ ਹੈ।