ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਜੂਨ
ਸਥਾਨਕ ਬੱਸ ਸਟੈਂਡ ਵਿੱਚ ਸਥਿਤ ਬੈਂਕ ਏ.ਟੀ.ਐਮ. ਵਿੱਚ ਅਚਾਨਕ ਅੱਗ ਲੱਗ ਗਈ। ਲੋਕਾਂ ਅਤੇ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਵੱਲੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਅੱਗ ਉਪਰ ਕਾਬੂ ਪਾਉਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਗਈ ਪਰ ਉਹ ਸਫ਼ਲ ਨਹੀਂ ਹੋਏ। ਮੌਕੇ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਤਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵਲੋਂ ਅੱਗ ਉਪਰ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਏਅਰ ਕੰਡੀਸ਼ਨਰ ਦਾ ਕੰਪ੍ਰੈਸ਼ਰ ਫਟਣਾ ਦੱਸਿਆ ਜਾ ਰਿਹਾ ਹੈ। ਅੱਗ ਕਾਰਨ ਏਟੀਐੱਮ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 12 ਵਜੇ ਬੱਸ ਸਟੈਂਡ ’ਚ ਸਥਿਤ ਐਕਸਿਸ ਬੈਂਕ ਦੇ ਏਟੀਐੱਮ ਵਿੱਚ ਅਚਾਨਕ ਅੱਗ ਲੱਗ ਗਈ। ਲੋਕਾਂ ਨੇ ਜਦੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦਾ ਵੇਖਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ ਪਰੰਤੂ ਅੱਗ ਨਾਲ ਏਟੀਐੱਮ ਮਸ਼ੀਨ, ਏ.ਸੀ. ਸਮੇਤ ਹੋਰ ਸਾਰਾ ਸਾਮਾਨ ਸੜ ਗਿਆ। ਐਕਸਿਸ ਬੈਂਕ ਦੇ ਮੈਨੇਜਰ ਵਿਸ਼ਾਲ ਕੁਮਾਰ ਮਿੱਤਲ ਮੌਕੇ ’ਤੇ ਪੁੱਜੇ। ਬੈਂਕ ਏਟੀਐਮ ਵਿੱਚ ਨਕਦੀ ਸਬੰਧੀ ਉਨ੍ਹਾਂ ਦੱਸਿਆ ਕਿ ਏਟੀਐੱਮ ਵਿੱਚ ਪੈਸੇ ਪਾਉਣ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਹੋਇਆ ਹੈ। ਅੱਜ ਸਵੇਰੇ ਪੈਸੇ ਨਹੀਂ ਪਾਏ ਸੀ। ਕੰਪਨੀ ਟੀਮ ਪੜਤਾਲ ਕਰੇਗੀ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਏਟੀਐੱਮ ਵਿੱਚ ਕਿੰਨੀ ਨਕਦੀ ਸੀ। ਅੱਗ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਬੱਸ ਸਟੈਂਡ ਵਿੱਚ ਮੌਜੂਦ ਲੋਕਾਂ ਨੇ ਕਿਹਾ ਕਿ ਬੱਸ ਸਟੈਂਡ ਵਿੱਚ ਅੱਗ ਨਾਲ ਨਿਪਟਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹੈ। ਜੇਕਰ ਅੱਗ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।