ਲਖਵਿੰਦਰ ਸਿੰਘ
ਮਲੋਟ, 6 ਜੂਨ
ਪਿੰਡ ਦਾਨੇਵਾਲਾ ਵਿਚ ਕੁੱਲ 2500 ਵੋਟਾਂ ’ਚੋਂ 1740 ਵੋਟਾਂ ਭੁਗਤੀਆਂ ਜਿਸ ’ਚੋਂ ਸਭ ਤੋਂ ਵੱਧ 783 ਵੋਟਾਂ ਆਮ ਆਦਮੀ ਪਾਰਟੀ ਨੂੰ ਪ੍ਰਾਪਤ ਹੋਈਆਂ ਜਦਕਿ ਭਾਜਪਾ ਨੂੰ 174, ਕਾਂਗਰਸ ਨੂੰ 273 ਅਤੇ ਅਕਾਲੀ ਦਲ ਨੂੰ 372 ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਪਿੰਡ ਦਾਨੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚੋਂ ਇੱਕਲੌਤਾ ਪਿੰਡ ਅਜਿਹਾ ਰਿਹਾ ਜਿਥੇ ਸਭ ਤੋਂ ਜ਼ਿਆਦਾ ਵੋਟ ‘ਆਪ’ ਨੂੰ ਮਿਲੀ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦਾਨੇਵਾਲਾ ਦੇ ਸਾਬਕਾ ਸਰਪੰਚ ਸੁਖਪਾਲ ਸਿੰਘ ਦਾ ਜਿਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਕੀਤੀ ਮਿਹਨਤ ਦੀ ਤਾਰੀਫ਼ ਵੀ ਕੀਤੀ। ਇਸ ਤੋਂ ਇਲਾਵਾ ਨਾਲ ਲਗਦੇ ਪਿੰਡ ਅਬੁੱਲਖੁਰਾਣਾ ਦੀਆਂ ਦੋਵੇਂ ਪੰਚਾਇਤਾਂ ਤੋਂ ‘ਆਪ’ ਨੂੰ ਕਰੀਬ ਛੇ ਸੌ ਵੋਟ ਵੱਧ ਪੋਲ ਹੋਈ। ਇਸ ਬਾਬਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪਾਰਟੀ ਲਈ ਮਿਹਨਤ ਕਰਨ ਵਾਲੇ ਹਰ ਵਰਕਰ ਤੇ ਆਗੂ ਸਹਿਬਾਨ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਤਾਂ ਜੋ ਉਹ ਹੋਰ ਵੀ ਮਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਲੈ ਕੇ ਜਾਣ। ਟਰੱਕ ਯੂਨੀਅਨ ਮਲੋਟ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੇ ਸਾਥੀਆਂ ਰਾਜਪਾਲ ਬਲਾਕ ਸਮਿਤੀ ਮੈਂਬਰ, ਸੁਖਵਿੰਦਰ ਸਿੰਘ ਸੁੱਖਾ, ਹਰਗੋਪਾਲ ਸਿੰਘਰ ਅਤੇ ਬਿੱਟੂ ਸੰਦੀਪ ਨਾਲ ਮਿਲ ਕੇ ਆਪਣਾ ਫਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਬਲਜੀਤ ਕੌਰ ਸਦਕਾ ਪਹਿਲਾਂ ਹੀ ਕਈ ਪਰਿਵਾਰ ਹੋਰਨਾਂ ਪਾਰਟੀਆਂ ਨੂੰ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ ਸਨ ਜੋ ਕਾਮਯਾਬੀ ਦਾ ਮੁੱਖ ਕਾਰਨ ਬਣਿਆ। ਅਖੀਰ ਉਨ੍ਹਾਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ।