ਪੱਤਰ ਪ੍ਰੇਰਕ
ਮਾਨਸਾ, 6 ਜੂਨ
ਮਾਨਸਾ ਦੇ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਮਲੇਰੀਆ ਵਿਰੋਧੀ ਮਹੀਨਾ ਦੇ ਸਬੰਧ ਵਿੱਚ ਜ਼ਿਲ੍ਹੇ ’ਚ ਪੈਂਦੇ ਭੱਠਿਆਂ, ਸ਼ੈੱਲਰਾਂ, ਪਥੇਰਾਂ, ਝੁੱਗੀਆਂ ਅਤੇ ਹੋਰ ਥਾਵਾਂ ’ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਬੁਖਾਰ ਸਬੰਧੀ ਵਿਸ਼ੇਸ਼ ਸਰਵੇ ਕੀਤਾ ਗਿਆ। ਹੈਲਥ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਰਵਾਸੀ ਆਬਾਦੀ ਨੂੰ ਸਿਹਤ ਕਰਮਚਾਰੀਆਂ ਨਿਰਭੈ ਸਿੰਘ, ਰਾਹੁਲ ਕੁਮਾਰ, ਕ੍ਰਿਸ਼ਨ ਕੁਮਾਰ, ਨਵਦੀਪ ਕਾਠ ਵੱਲੋਂ ਮਲੇਰੀਆ ਅਤੇ ਡੇਂਗੂ ਬੁਖਾਰ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਮਲੇਰੀਆ ਬੁਖਾਰ ਦੇ ਲੱਛਣਾਂ ਵਿੱਚ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਕਾਂਬੇ ਨਾਲ ਬੁਖਾਰ ਤੇ ਹੋਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਵਧਾਨੀਆਂ ਵਰਤਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਖੜ੍ਹੇ ਪਾਣੀ ਵਾਲੇ ਕੰਟੇਨਰਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ ਅਤੇ ਬੁਖਾਰ ਦੇ ਸ਼ੱਕੀ ਕੇਸਾਂ ਦੇ ਖੂਨ ਦੇ ਸੈਂਪਲ ਵੀ ਲਏ ਗਏ।