ਖੇਤਰੀ ਪ੍ਰਤੀਨਿਧ
ਬਰਨਾਲਾ, 6 ਜੂਨ
ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਬਰਨਾਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਸਾਕਾ ਨੀਲਾ ਤਾਰਾ ਸਬੰਧੀ ਕੇਂਦਰ ਸਰਕਾਰ ਸੰਸਦ ਵਿੱਚ ਮੁਆਫੀ ਮੰਗੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਅਤੇ ਪੰਜਾਬ ਜਮਹੂਰੀ ਮੋਰਚਾ ਅਤੇ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਕਿਹਾ ਕਿ 4 ਜੂਨ ਵਾਲੇ ਦਿਨ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਅਕਾਲ ਤਖ਼ਤ ਸਾਹਿਬ ਉੱਪਰ ਫੌਜੀ ਹਮਲਾ ਕੀਤਾ ਸੀ ਜਿਸ ਦੀ ਉਹ ਨਿਖੇਧੀ ਕਰਦੀ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ ਅਤੇ ਮੀਤ ਪ੍ਰਧਾਨ ਮੋਹਣ ਸਿੰਘ ਰੂੜੇਕੇ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਕੇਂਦਰ ਦੀ ਬੱਜਰ ਗਲਤੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਾਰਲੀਮੈਂਟ ‘ਚ ਉਸ ਹਮਲੇ ਦਾ ਅਫ਼ਸੋਸ ਕਰਨ ਦੇ ਨਾਲ-ਨਾਲ ਗਲਤੀ ਨੂੰ ਪ੍ਰਵਾਨ ਕਰਕੇ, ਸਿੱਖਾਂ ਤੋਂ ਮੁਆਫ਼ੀ ਮੰਗੇ।
ਮਜ਼ਦੂਰ ਆਗੂ ਜਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾਂ ਬੇਗੁਨਾਹ ਅਤੇ ਮਾਸੂਮ ਸਿੱਖਾਂ ਦਾ ਦੇਸ਼ ਦੇ ਵੱਖ ਵੱਖ ਹਿੱਸਿਆਂ ਖਾਸ ਕਰਕੇ ਦਿੱਲੀ ’ਚ ਸਰਕਾਰ ਅਤੇ ਰਾਜ ਮਸ਼ੀਨਰੀ ਦੀ ਸ਼ਹਿ ਨਾਲ ਕਤਲੇਆਮ ਕੀਤਾ ਗਿਆ, ਉਸ ਕਤਲੇਆਮ ਦੇ ਦੋਸ਼ੀਆਂ, ਜੋ ਬਾਹਰ ਰਹਿੰਦੇ ਹਨ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣ। ਇਸ ਮੌਕੇ ਮਜਦੂਰ ਆਗੂ ਜੀਵਨ ਬਿਲਾਸਪੁਰ,ਲਖਵੀਰ ਸਿੰਘ ਨੇ ਕਿਹਾ ਕਿ 1984 ਦੇ ਕਤਲੇਆਮ ਦੀ ਜ਼ਿੰਮੇਵਾਰੀ ਕਬੂਲਦੇ ਹੋਏ, ਭਾਰਤ ਸਰਕਾਰ, ਪਾਰਲੀਮੈਂਟ ‘ਚ ਅਫਸੋਸ ਦਾ ਮਤਾ ਪਾਸ ਕਰਕੇ, ਮਾਰੇ ਗਏ ਅਤੇ ਜਖ਼ਮੀ ਹੋਏ ਸਿੱਖਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗੇ।