ਕਲਟੁੰਗੋ (ਨਾਇਜੀਰੀਆ), 6 ਜੂਨ
ਨੌਂ ਮਹੀਨੇ ਦੇ ਜੌੜੇ ਬੱਚੇ ਬਿਨਾ ਰੁਕੇ ਰੋ ਰਹੇ ਹਨ ਅਤੇ ਨਾ ਸਿਰਫ ਆਪਣੀ ਮਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ ਬਲਕਿ ਖਾਣਾ ਵੀ ਮੰਗ ਰਹੇ ਹਨ। ਉਨ੍ਹਾਂ ਨੂੰ ਪਿਛਲੇ 24 ਘੰਟਿਆਂ ਵਿੱਚ ਕਾਫੀ ਘੱਟ ਖਾਣ ਨੂੰ ਮਿਲਿਆ ਹੈ। ਉਨ੍ਹਾਂ ਦੇ ਪਤਲੇ ਤੇ ਛੋਟੇ ਜਿਹੇ ਸਰੀਰਾਂ ’ਤੇ ਵੱਡੇ-ਵੱਡੇ ਸਿਰ ਡੂੰਘੀ ਭੁੱਖ ਹੋਣ ਵੱਲ ਇਸ਼ਾਰਾ ਕਰਦੇ ਹਨ।
ਬੱਚਿਆਂ ਦੀ 38 ਸਾਲਾ ਮਾਂ ਡੋਰਕਾਸ ਸਿਮੋਨ ਕਹਿੰਦੀ ਹੈ ਕਿ ਉਸ ਦੀਆਂ ਛਾਤੀਆਂ ’ਚੋਂ ਜ਼ਿਆਦਾ ਦੁੱਧ ਨਹੀਂ ਆਉਂਦਾ ਜਦਕਿ ਬੱਚੇ ਲਗਾਤਾਰ ਦੁੱਧ ਚੁੰਘਣ ਲਈ ਜੱਦੋ-ਜਹਿਦ ਕਰ ਰਹੇ ਹਨ। ਡੋਰਕਾਸ ਦੇ ਤਿੰਨ ਹੋਰ ਬੱਚੇ ਹਨ। ਉਹ ਹੱਸਦੀ ਹੋਈ ਕਹਿੰਦੀ ਹੈ, ‘‘ਮੈਂ ਉਨ੍ਹਾਂ ਨੂੰ ਕੀ ਦੇਵਾਂਗੀ ਜਦੋਂ ਮੇਰੇ ਕੋਲ ਹੀ ਕੁਝ ਖਾਣ ਨੂੰ ਨਹੀਂ ਹੈ?’’ ਸੰਯੁਕਤ ਰਾਸ਼ਟਰ ਦੀ ਬੱਚਿਆਂ ਸਬੰਧੀ ਏਜੰਸੀ ਯੂਨੀਸੈੱਫ ਵੱਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਇਕ ਨਵੀਂ ਰਿਪੋਰਟ ਮੁਤਾਬਕ ਇੱਥੇ ਉੱਤਰੀ ਨਾਇਜੀਰੀਆ ਵਿੱਚ ਜਿੱਥੇ ਸੰਘਰਸ਼ ਤੇ ਜਲਵਾਯੂ ਬਦਲਾਅ ਨੇ ਸਮੱਸਿਆਵਾਂ ਵਿੱਚ ਕਾਫੀ ਵਾਧਾ ਕੀਤਾ ਹੈ, ਉਸ ਦੇ ਦੋ ਬੱਚੇ ਪੰਜ ਸਾਲ ਤੱਕ ਉਮਰ ਦੇ ਉਨ੍ਹਾਂ 18.1 ਕਰੋੜ ਬੱਚਿਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਖਾਣੇ ਦਾ ਗੰਭੀਰ ਸੰਕਟ ਹੈ। ਇਹ ਗਿਣਤੀ ਵਿਸ਼ਵ ਦੇ ਸਭ ਤੋਂ ਘੱਟ ਉਮਰ ਦੇ ਬੱਚਿਆਂ ਦੀ ਕੁੱਲ ਗਿਣਤੀ ਦਾ 27 ਫ਼ੀਸਦ ਹੈ। ਲਗਪਗ 100 ਘੱਟ ਆਮਦਨ ਤੇ ਮੱਧ ਆਮਦਨ ਵਾਲੇ ਦੇਸ਼ਾਂ ’ਤੇ ਕੇਂਦਰਿਤ ਰਿਪੋਰਟ ਗੰਭੀਰ ਖ਼ੁਰਾਕ ਸੰਕਟ ਨੂੰ ਇਕ ਦਿਨ ਵਿੱਚ ਕੁਝ ਵੀ ਨਾ ਖਾਣ ਜਾਂ ਏਜੰਸੀ ਵੱਲੋਂ ਮਾਨਤਾ ਪ੍ਰਾਪਤ ਅੱਠ ਖ਼ੁਰਾਕ ਸਮੂਹਾਂ ਵਿੱਚੋਂ ਦੋ ਦਾ ਇਸਤੇਮਾਲ ਕਰਨ ਵਜੋਂ ਪਰਿਭਾਸ਼ਿਤ ਕਰਦੀ ਹੈ। ਅਫਰੀਕਾ ਦੀ 130 ਕਰੋੜ ਤੋਂ ਵੱਧ ਦੀ ਆਬਾਦੀ ਮੁੱਖ ਤੌਰ ’ਤੇ ਸੰਘਰਸ਼, ਜਲਵਾਯੂ ਸੰਕਟ ਅਤੇ ਵਧਦੀਆਂ ਖ਼ੁਰਾਕ ਕੀਮਤਾਂ ਕਰ ਕੇ ਸਭ ਤੋਂ ਵੱਧ ਪ੍ਰਭਾਵਿਤ ਖ਼ਿੱਤਿਆਂ ’ਚੋਂ ਇਕ ਹੈ। ਪਿਛਲੇ ਦਹਾਕੇ ਵਿੱਚ ਪੱਛਮੀ ਅਤੇ ਮੱਧ ਅਫਰੀਕਾ ਵਿੱਚ ਗੰਭੀਰ ਖ਼ੁਰਾਕ ਸੰਕਟ ’ਚੋਂ ਲੰਘ ਰਹੇ ਬੱਚਿਆਂ ਦੀ ਗਿਣਤੀ ’ਚ ਕਮੀ ਆਈ ਹੈ ਅਤੇ ਇਹ ਅੰਕੜਾ 42 ਫ਼ੀਸਦ ਤੋਂ ਘੱਟ ਕੇ 32 ਫ਼ੀਸਦ ਰਹਿ ਗਿਆ ਹੈ। ਸੰਯੁਕਤ ਰਾਸ਼ਟਰ ਕੌਮਾਂਤਰੀ ਬਾਲ ਐਮਰਜੈਂਸੀ ਫੰਡ (ਯੂਨੀਸੈੱਫ) ਨੇ ਕਿਹਾ ਕਿ ਮਹੱਤਵਪੂਰਨ ਪੋਸ਼ਕ ਤੱਤਾਂ ਦੀ ਘਾਟ, ‘ਬੇਹੱਦ ਖ਼ਰਾਬ’ ਭੋਜਨ ’ਤੇ ਰਹਿਣ ਵਾਲੇ ਬੱਚਿਆਂ ਦਾ ਵਜ਼ਨ ਆਮ ਨਾਲੋਂ ਘੱਟ ਹੋਣ ਦਾ ਖ਼ਦਸ਼ਾ ਵਧੇਰੇ ਹੁੰਦਾ ਹੈ। -ਏਪੀ