ਪੱਤਰ ਪ੍ਰੇਰਕ
ਪਠਾਨਕੋਟ, 6 ਜੂਨ
ਚੋਣਾਂ ਸਮਾਪਤ ਹੁੰਦੇ ਸਾਰ ਹੀ ਘਰੇਲੂ ਤੇ ਹੋਰ ਚੀਜ਼ਾਂ ਦੇ ਭਾਅ ਵਧਣ ਨਾਲ ਜਨਤਾ ਪ੍ਰੇਸ਼ਾਨ ਹੋ ਰਹੀ ਹੈ। ਇਸ ਰੋਸ ਵਜੋਂ ਅੱਜ ਵਿਸ਼ਵਕਰਮਾ ਮੰਦਰ ਚੌਕ ਸੁਜਾਨਪੁਰ ਵਿੱਚ ਮਹਿੰਗਾਈ ਖ਼ਿਲਾਫ਼ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਸਿੰਘ, ਪ੍ਰਿੰਸ ਸ਼ਰਮਾ, ਸੂਰਿਆਵੰਸ਼ੀ ਰਾਮ ਨਾਟਕ ਕਲੱਬ ਦੇ ਨਿਰਦੇਸ਼ਕ ਰਾਮਮੂਰਤੀ ਸ਼ਰਮਾ, ਪਾਰੁਲ ਮਹਾਜਨ, ਕਾਲੂ ਮਹਾਜਨ, ਸਾਹਿਲ ਕੁਮਾਰ, ਜਾਨੂੰ ਕੁਮਾਰ ਆਦਿ ਨੇ ਕਿਹਾ ਕਿ ਅਜੇ ਲੋਕ ਸਭਾ ਚੋਣ ਸਮਾਪਤ ਹੋਈ ਹੀ ਹੈ ਕਿ ਚੀਜ਼ਾਂ ਦੇ ਭਾਅ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਇਸ ਤੋਂ ਘਰ ਦਾ ਬਜਟ ਵਿਗੜ ਗਿਆ ਹੈ। ਉਨ੍ਹਾਂ ਕਿਹਾ ਕਿ ਦਾਲਾਂ, ਸਰ੍ਹੋਂ ਦਾ ਤੇਲ, ਦੁੱਧ, ਬਰੈੱਡ, ਸਬਜ਼ੀਆਂ, ਦਵਾਈਆਂ ਅਤੇ ਰੋਜ਼ਮਰਾ ਦੀਆਂ ਚੀਜਾਂ ਦੇ ਭਾਅ ਵਿੱਚ ਉਛਾਲ ਆਉਣਾ ਸ਼ੁਰੂ ਹੋ ਗਿਆ ਹੈ। ਚੋਣ ਦੇ ਖਰਚੇ ਦੀ ਮਾਰ ਜਨਤਾ ’ਤੇ ਪੈਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਵਿੱਚ ਮਹਿੰਗਾਈ ਰੋਕੀ ਜਾਵੇ ਅਤੇ ਦੁਕਾਨਾਂ ’ਤੇ ਰੇਟ ਲਿਸਟ ਲਗਾਉਣ ਲਈ ਦੁਕਾਨਦਾਰਾਂ ਨੂੰ ਕਿਹਾ ਜਾਵੇ।