ਕੀਵ, 6 ਜੂਨ
ਯੂਕਰੇਨੀ ਡਰੋਨਾਂ ਨੇ ਰੂਸੀ ਸਰਹੱਦੀ ਖ਼ਿੱਤਿਆਂ ’ਚ ਤੇਲ ਰਿਫਾਇਨਰੀ ਅਤੇ ਡਿਪੂ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਾਲੀ ਪੱਧਰ ’ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਰੂਸ ਖ਼ਿਲਾਫ਼ ਪੱਛਮੀ ਮੁਲਕਾਂ ਦੀ ਹੋਰ ਹਮਾਇਤ ਹਾਸਲ ਕਰਨ ਲਈ ਫਰਾਂਸ ਦੇ ਦੌਰੇ ’ਤੇ ਜਾ ਰਹੇ ਹਨ। ਉਥੇ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਹੋਰ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਜ਼ੈਲੇਂਸਕੀ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚਿਤਾਵਨੀ ਦਿੱਤੀ ਸੀ ਕਿ ਰੂਸ ਹੋਰ ਮੁਲਕਾਂ ਨੂੰ ਲੰਬੀ ਦੂਰੀ ਦੇ ਹਥਿਆਰ ਦੇ ਸਕਦਾ ਹੈ ਤਾਂ ਜੋ ਉਹ ਪੱਛਮੀ ਨਿਸ਼ਾਨਿਆਂ ਨੂੰ ਫੁੰਡ ਸਕਣ। ਇਹ ਧਮਕੀ ਉਸ ਸਮੇਂ ਦਿੱਤੀ ਗਈ ਜਦੋਂ ਨਾਟੋ ’ਚ ਸ਼ਾਮਲ ਮੁਲਕਾਂ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਹਥਿਆਰ ਰੂਸ ’ਤੇ ਵਰਤਣ ਲਈ ਉਹ ਯੂਕਰੇਨ ਨੂੰ ਖੁੱਲ੍ਹ ਦੇਣਗੇ। ਰੂਸੀ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਦਮਿੱਤਰੀ ਮੈਦਵੇਦੇਵ ਨੇ ਕਿਹਾ ਕਿ ਇਸ ਨਾਲ ਮੁਲਕ ਦੀ ਵਿਦੇਸ਼ ਨੀਤੀ ’ਚ ਅਹਿਮ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। -ਏਪੀ
ਸ਼ਾਂਤੀ ਸੰਮੇਲਨ ਵਿੱਚ ਭਾਰਤ ਦੀ ਉੱਚ ਪੱਧਰੀ ਸ਼ਮੂਲੀਅਤ ਚਾਹੁੰਦੇ ਨੇ ਜ਼ੈਲੇਂਸਕੀ
ਲੰਡਨ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਰੂਸ-ਯੂਕਰੇਨ ਦੀ ਜੰਗ ਸਬੰਧੀ ਸਵਿਟਜ਼ਰਲੈਂਡ ’ਚ ਹੋਣ ਵਾਲੇ ਸ਼ਾਂਤੀ ਸੰਮੇਲਨ ਬਾਰੇ ਚਰਚਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸੰਮੇਲਨ ਵਿੱਚ ਭਾਰਤ ਦੀ ਉੱਚ ਪੱਧਰ ਦੀ ਸ਼ਮੂਲੀਅਤ ਹੋਵੇਗੀ। ਜ਼ੈਲੇਂਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਾਂ ਮਿਲਣ ’ਤੇ ਯੂਕਰੇਨ ਆਉਣ ਦਾ ਸੱਦਾ ਵੀ ਦਿੱਤਾ ਹੈ। -ਪੀਟੀਆਈ