ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 6 ਜੂਨ
ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਗੁਰਦੁਆਰਾ ਡੇਰਾ ਸਾਹਿਬ ਚੇਤਨਪੁਰਾ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਜਾਏ ਗਏ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਭਾਈ ਕੁਲਵੰਤ ਸਿੰਘ, ਭਾਈ ਮਨੋਹਰ ਸਿੰਘ, ਬਾਬਾ ਬੀਰ ਸਿੰਘ ਆਦਿ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬੁਲਾਰਿਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਪ੍ਰਮੁੱਖ ਗੁਰਧਾਮਾਂ ਦੀ ਰਾਖੀ ਲਈ ਜੂਨ 1984 ਦੌਰਾਨ ਭਾਰਤੀ ਫੌਜ ਹੱਥੋਂ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਵਡਮੁੱਲਾ ਸਰਮਾਇਆ ਹਨ ਅਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਾਂ ਮਨਾਉਣੀਆਂ ਸਾਡਾ ਮੁੱਢਲਾ ਕੌਮੀ ਫਰਜ਼ ਹੈ। ਇਸ ਮੌਕੇ ਰਿਸੀਵਰ ਚਰਨਜੀਤ ਸਿੰਘ, ਮੈਨੇਜਰ ਹਰਦਿਆਲ ਸਿੰਘ, ਨੰਬਰਦਾਰ ਡਾ. ਸੁਰਜੀਤ ਸਿੰਘ ਚੇਤਨਪੁਰਾ, ਸੁਖਚੈਨ ਸਿੰਘ, ਅਰਜਨ ਸਿੰਘ, ਬਾਬਾ ਬੀਰ ਸਿੰਘ, ਸੰਤੋਖ ਸਿੰਘ, ਹਰਜੀਤ ਸਿੰਘ, ਜਗਜੀਤ ਸਿੰਘ, ਅਨਮੋਲ ਸਿੰਘ, ਇੰਸਪੈਕਟਰ ਗੁਰਜੀਤ ਸਿੰਘ ਚੇਤਨਪੁਰਾ, ਗੁਲਜਾਰ ਸਿੰਘ ਦੋਧੀ, ਦਵਿੰਦਰਪਾਲ ਸਿੰਘ, ਗੁਰਵਿੰਦਰਜੀਤ ਸਿੰਘ ਬਬਲੂ, ਤਰਸੇਮ ਸਿੰਘ ਚੇਤਨਪੁਰਾ ਆਦਿ ਸੰਗਤਾਂ ਵਿੱਚ ਹਾਜ਼ਰ ਸਨ।
ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਯਾਦ ਕੀਤਾ
ਤਰਨ ਤਾਰਨ (ਪੱਤਰ ਪ੍ਰੇਰਕ): ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਜ਼ਿਲ੍ਹੇ ਦੇ ਵੱਖ-ਵੱਖ ਗੁਰਧਾਮਾਂ ਵਿੱਚ ਧਾਰਮਿਕ ਸਮਾਗਮ ਕੀਤੇ ਗਏ| ਦਰਬਾਰ ਸਾਹਿਬ ਤਰਨ ਤਾਰਨ ਵਿੱਚ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਨਹਿਰੀ ਪਾਲਕੀ ਵਿੱਚ ਬਿਰਾਜਮਾਨ ਕਰ ਕੇ ਪਵਿੱਤਰ ਸਰੋਵਰ ਦੀ ਪਰਿਕਰਮਾ ਵਿਚ ਨਗਰ ਕੀਰਤਨ ਸਜਾਇਆ ਗਿਆ| ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ| ਦਰਬਾਰ ਸਾਹਿਬ ਦੇ ਮੈਨੇਜਰ ਭਾਈ ਧਰਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਉਪਰੰਤ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ| ਅਜਿਹੇ ਧਾਰਮਿਕ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ, ਬੀੜ ਬਾਬਾ ਬੁੱਢਾ ਸਾਹਿਬ ਠੱਠਾ, ਗੁਰਦੁਆਰਾ ਰੱਤੋਕੇ, ਗੁਰਦੁਆਰਾ ਤਾਰਾ ਸਿੰਘ ਵਾਂ, ਗੁਰਦੁਆਰਾ ਚੋਹਲਾ ਸਾਹਿਬ, ਗੁਰਦੁਆਰਾ ਬਾਬਾ ਸਿਧਾਣਾ ਸ਼ੇਰੋਂ ਤੇ ਹੋਰਨਾਂ ਵਿੱਚ ਵੀ ਕੀਤੇ ਗਏ|