ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 6 ਜੂਨ
ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਸੈਨੀਟੇਸ਼ਨ ਵਿੰਗ ਦੀ ਮੀਟਿੰਗ ਬੁਲਾਈ, ਜਿਸ ਵਿੱਚ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ ਡਾ. ਕਿਰਨ ਕੁਮਾਰ, ਡਾ. ਯੋਗੇਸ਼ ਅਰੋੜਾ ਅਤੇ ਸਾਰੇ ਚੀਫ ਸੈਨੇਟਰੀ ਇੰਸਪੈਕਟਰ ਸ਼ਾਮਲ ਹੋਏ। ਮੀਟਿੰਗ ਦੌਰਾਨ ਡੂੰਘੀ ਵਿਚਾਰ ਚਰਚਾ ਤੋਂ ਬਾਅਦ ਕਮਿਸ਼ਨਰ ਨੇ ਕਿਹਾ ਕਿ 10 ਜੂਨ ਨੂੰ ਰਾਤ 10.00 ਵਜੇ ਤੋਂ ਬਾਅਦ ਉੱਤਰੀ, ਪੱਛਮੀ, ਦੱਖਣੀ, ਪੂਰਬੀ ਅਤੇ ਕੇਂਦਰੀ ਜ਼ੋਨਾਂ ਵਿੱਚ ਆਉਂਦੇ ਇਲਾਕਿਆਂ ਦੇ ਬਾਜ਼ਾਰਾਂ ’ਚ ਰਾਤ ਦੀ ਸਫਾਈ ਲਈ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਫਾਈ ਦਾ ਕੰਮ ਉੱਤਰੀ ਜ਼ੋਨ ਦੇ ਖੇਤਰ ਵਿੱਚ ਕ੍ਰਿਸਟਲ ਚੌਕ ਤੋਂ ਲਾਰੈਂਸ ਰੋਡ ਸਥਿਤ ਡੀ ਮਾਰਟ, ਦੱਖਣੀ ਜ਼ੋਨ ਵਿੱਚ ਸੁਲਤਾਨਵਿੰਡ ਗੇਟ ਤੋਂ ਚਾਟੀਵਿੰਡ ਗੇਟ (ਦੋਵੇਂ ਪਾਸੇ), ਪੱਛਮੀ ਜ਼ੋਨ ਦੇ ਖੇਤਰ ਵਿੱਚ ਕਬਰਿਸਤਾਨ ਰੋਡ ਤੋਂ ਗਲਿਆਰਾ ਤੱਕ, ਪੂਰਬੀ ਜ਼ੋਨ ਖੇਤਰ ਵਿੱਚ ਆਈਡੀਐੱਚ ਮਾਰਕੀਟ ਬਾਜ਼ਾਰ ਅਤੇ ਆਸ-ਪਾਸ ਬੱਸ ਸਟੈਂਡ ਅਤੇ ਸੈਂਟਰ ਜ਼ੋਨ ਦੇ ਇਲਾਕੇ ਵਿੱਚ ਹਾਲ ਗੇਟ ਤੋਂ ਭਰਾਵਾਂ ਦਾ ਢਾਬਾ ਅਤੇ ਸਿਕੰਦਰੀ ਗੇਟ ਤੱਕ ਕੀਤਾ ਜਾਵੇਗਾ।
ਕਮਿਸ਼ਨਰ ਨੇ ਸਾਰੇ ਚੀਫ ਸੈਨੇਟਰੀ ਇੰਸਪੈਕਟਰਾਂ ਨੂੰ ਆਪੋ-ਆਪਣੇ ਖੇਤਰ ਵਿੱਚ ਸਾਰੇ ਹੋਟਲਾਂ/ਰੈਸਟ ਹਾਊਸਾਂ/ਰੈਸਤਰਾਂ/ਢਾਬਿਆਂ ਦੀ ਪੂਰੀ ਮੈਪਿੰਗ ਨੂੰ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤੇ ਹਨ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਇਨ੍ਹਾਂ ਵਪਾਰਕ ਅਦਾਰਿਆਂ ਤੋਂ ਪੈਦਾ ਹੋਣ ਵਾਲਾ ਗਿੱਲਾ ਕੂੜਾ ਭਗਤਾਂਵਾਲਾ ਕੰਪੋਸਟ ਪੈਡ ਤੱਕ ਵੱਖਰੇ ਤੌਰ ’ਤੇ ਪਹੁੰਚੇ। ਇਸ ਮੰਤਵ ਲਈ ਇਸ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਮਿਊਨਿਟੀ ਫੈਸੀਲੀਟੇਟਰਾਂ ਨੂੰ ਨਿਯੁਕਤ ਕੀਤਾ ਜਾਣਾ ਹੈ, ਹਾਲਾਂਕਿ ਸਮੁੱਚੀ ਨਿਗਰਾਨੀ ਸਬੰਧਤ ਜ਼ੋਨ ਦੇ ਚੀਫ ਸੈਨੇਟਰੀ ਇੰਸਪੈਕਟਰ ਦੀ ਹੋਵੇਗੀ। ਕਮਿਸ਼ਨਰ ਨੇ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਐਵਰਡਾ ਕੰਪਨੀ ਵਲੋਂ ਸਵੇਰੇ 4.00 ਵਜੇ ਤੱਕ ਡੱਬਿਆਂ ਦੀ ਲਿਫਟਿੰਗ ਸ਼ੁਰੂ ਕਰ ਦਿੱਤੀ ਜਾਵੇ ਅਤੇ ਇਨ੍ਹਾਂ ਡੱਬਿਆਂ ਨੂੰ ਸਵੇਰੇ 7.00 ਵਜੇ ਤੱਕ ਸਾਫ਼ ਕਰ ਦਿੱਤਾ ਜਾਵੇ। ਕਮਿਸ਼ਨਰ ਨੇ ਸਮੂਹ ਕਮਿਊਨਿਟੀ ਫੈਸੀਲੀਟੇਟਰਾਂ ਅਤੇ ਚੀਫ ਸੈਨੇਟਰੀ ਇੰਸਪੈਕਟਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਇਨ੍ਹਾਂ ਹਦਾਇਤਾਂ ਨੂੰ ਸਬੰਧਤ ਮਾਰਕੀਟ ਐਸੋਸੀਏਸ਼ਨਾਂ ਤੱਕ ਪਹੁੰਚਾਉਣ। ਡਾ. ਰਾਮਾ ਇੰਚਾਰਜ ਮਿਉਂਸਿਪਲ ਆਟੋ ਵਰਕਸ਼ਾਪ ਨੂੰ ਰਾਤ ਦੀ ਸਫ਼ਾਈ ਲਈ ਚੀਫ਼ ਸੈਨੇਟਰੀ ਇੰਸਪੈਕਟਰਾਂ ਨੂੰ ਡਰਾਈਵਰਾਂ ਸਮੇਤ ਸਾਰੀ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।