ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਜੂਨ
ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਰੋਸ ਵਜੋਂ ਅੱਜ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਅੱਜ ਸਾਰਾ ਦਿਨ ਹੀ ਲਗਭਗ ਸਮੁੱਚਾ ਸ਼ਹਿਰ ਬੰਦ ਰਿਹਾ ਪਰ ਇਸ ਦੌਰਾਨ ਆਵਾਜਾਈ ਨਿਰਵਿਘਨ ਜਾਰੀ ਰਹੀ। ਇਸ ਸਬੰਧ ਵਿੱਚ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਵਿੱਚ ਦੁਕਾਨਾਂ ਅਤੇ ਹੋਰ ਕਾਰੋਬਾਰ ਆਦਿ ਬੰਦ ਸਨ, ਜੋ ਸ਼ਾਮ ਤੱਕ ਵੀ ਨਹੀਂ ਖੁੱਲ੍ਹੇ ਪਰ ਕੁਝ ਥਾਵਾਂ ’ਤੇ ਬਾਅਦ ਦੁਪਹਿਰ ਅਤੇ ਸ਼ਾਮ ਵੇਲੇ ਦੁਕਾਨਾਂ ਖੁੱਲ੍ਹ ਗਈਆਂ ਸਨ। ਦੁਕਾਨਾਂ ਅਤੇ ਕਾਰੋਬਾਰ ਬੰਦ ਰਹਿਣ ਕਾਰਨ ਬਾਜ਼ਾਰਾਂ ਅਤੇ ਸੜਕਾਂ ਵਿੱਚ ਸੁੰਨਸਾਨ ਪੱਸਰੀ ਰਹੀ। ਇਸ ਦੌਰਾਨ ਮੈਡੀਕਲ ਸੇਵਾਵਾਂ, ਬੱਸ ਅੱਡੇ ਤੋਂ ਬੱਸਾਂ ਦੀ ਆਵਾਜਾਈ ਤੇ ਬੈਂਕ ਆਦਿ ਰੋਜ਼ ਵਾਂਗ ਹੀ ਖੁੱਲ੍ਹੇ ਰਹੇ। ਇਸੇ ਤਰ੍ਹਾਂ ਦਿਹਾਤੀ ਖੇਤਰ ਵਿੱਚ ਵੀ ਬੰਦ ਨੂੰ ਚੰਗਾ ਹੁੰਗਾਰਾ ਮਿਲਿਆ ਹੈ।
ਘੱਲੂਘਾਰਾ ਦਿਵਸ ਅਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਸ਼ਹਿਰ ਦੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਤੇ ਨਾਕਾਬੰਦੀ ਕੀਤੀ ਗਈ ਸੀ ਅਤੇ ਭਾਰੀ ਪੁਲੀਸ ਬਲ ਤਾਇਨਾਤ ਕੀਤੇ ਗਏ। ਇਸੇ ਤਰ੍ਹਾਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਪੁਲੀਸ ਅਤੇ ਨੀਮ ਫੌਜੀ ਬਲ ਤਾਇਨਾਤ ਸਨ। ਇਸ ਦੌਰਾਨ ਸ਼ਹਿਰ ਵਿੱਚ ਕੋਈ ਵੀ ਅਨਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ।
ਸਿੱਖ ਜਥੇਬੰਦੀ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇਬੰਦੀ ਵੱਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਸ਼ਹਿਰ ਵਾਸੀਆਂ ਨੇ ਕਾਰੋਬਾਰ ਬੰਦ ਰੱਖ ਕੇ ਭਰਵਾਂ ਹੁੰਗਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 40 ਸਾਲ ਪਹਿਲਾਂ ਜੂਨ 1984 ਨੂੰ ਉਸ ਵੇਲੇ ਦੀ ਕੇਂਦਰੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜੀ ਹਮਲਾ ਕੀਤਾ ਸੀ ਜਿਸ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਇਸੇ ਦੇ ਰੋਸ ਅਤੇ ਰੋਹ ਵਜੋਂ ਬੀਤੀ ਸ਼ਾਮ ਘੱਲੂਘਾਰਾ ਮਾਰਚ ਕੀਤਾ ਗਿਆ ਸੀ ਅਤੇ ਅੱਜ ਅੰਮ੍ਰਿਤਸਰ ਵਿਚ ਕਾਰੋਬਾਰ ਬੰਦ ਰੱਖੇ ਗਏ ਹਨ। ਸਿੱਖ ਆਗੂ ਨੇ ਅੰਮ੍ਰਿਤਸਰ ਵਾਸੀਆਂ ਖਾਸ ਕਰਕੇ ਵਪਾਰੀ ਵਰਗ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਬੰਦ ਨੂੰ ਹੁੰਗਾਰਾ ਦਿੱਤਾ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ।
ਅਕਾਲ ਪੁਰਖ ਕੀ ਫੌਜ ਜਥੇਬੰਦੀ ਵੱਲੋਂ ਖੂਨਦਾਨ ਕੈਂਪ
ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ 40ਵੀਂ ਬਰਸੀ ਮੌਕੇ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਵੱਲੋਂ ਅੱਜ ਦਾ ਦਿਨ ਖੂਨਦਾਨ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਲਗਭਗ 150 ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਸਿੱਖ ਜਥੇਬੰਦੀ ਦਾ ਮੰਨਣਾ ਹੈ ਕਿ 6 ਜੂਨ 1984 ਨੂੰ ਸਿੱਖਾਂ ਦਾ ਬਹੁਤ ਖੂਨ ਡੁੱਲਿਆ ਸੀ ਪਰ ਅੱਜ ਇਸੇ ਖੂਨ ਨਾਲ ਕਈ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ। ਜਥੇਬੰਦੀ ਵੱਲੋਂ ਪਿਛਲੇ ਲਗਭਗ 25 ਸਾਲਾਂ ਤੋਂ ਇਸ ਦਿਵਸ ਨੂੰ ਖੂਨਦਾਨ ਦਿਵਸ ਵਜੋਂ ਲਗਾਤਾਰ ਖੂਨ ਦਾਨ ਕਰਕੇ ਮਨਾਇਆ ਜਾ ਰਿਹਾ। ਅੱਜ ਇਸ ਸਬੰਧੀ ਸਥਾਨਕ ਤਰਨ ਤਾਰਨ ਰੋਡ ਸਥਿਤ ਡੇਰਾ ਭੂਰੀਵਾਲਾ ’ਚ ਖੂਨਦਾਨ ਕੈਂਪ ਲਾਇਆ ਗਿਆ। ਜਿਸ ਦੀ ਸ਼ੁਰੂਆਤ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਅਰਦਾਸ ਕਰ ਕੇ ਕੀਤੀ। ਸਿੱਖ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਿੰਘ ਬ੍ਰਦਰਸ, ਭੁਪਿੰਦਰ ਸਿੰਘ, ਹਰਜੀਤ ਸਿੰਘ ਤੇ ਹੋਰਨਾਂ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ, ਪੰਥ ਕੀ ਜੀਤ ਅਤੇ ਚੜ੍ਹਦੀ ਕਲਾ ਸਿਰਫ ਨਾਅਰੇ ਨਹੀਂ ਹਨ, ਇਹ ਸਿੱਖਾਂ ਦੇ ਕਿਰਦਾਰ ਦੀ ਝਲਕ ਹੈ। ਸਮਾਂ ਭਾਵੇਂ ਪੁਰਾਤਨ ਸੀ ਜਾਂ ਅੱਜ ਦਾ ਹੈ, ਸਿੱਖ ਅੱਜ ਵੀ ਆਪਣਾ ਆਪਾ ਵਾਰ ਕੇ ਕਿਸੇ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਅਤੇ ਕਿਸੇ ਦੀ ਜਾਨ ਬਚਾਉਣੀ ਇਹ ਵੀ ਸਿੱਖਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ 2009 ਵਿੱਚ ਇਸ ਦਿਵਸ ਮੌਕੇ ਜਥੇਬੰਦੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਾਏ ਗਏ ਖੂਨਦਾਨ ਕੈਂਪ ਵਿੱਚ ਇੱਕ ਦਿਨ ’ਚ ਲਗਭਗ 18 ਹਜ਼ਾਰ ਲੋਕਾਂ ਨੇ ਖੂਨਦਾਨ ਕਰਕੇ ਮਿਸਾਲ ਕਾਇਮ ਕੀਤੀ ਸੀ।