ਚਰਨਜੀਤ ਭੁੱਲਰ
ਚੰਡੀਗੜ੍ਹ, 6 ਜੂਨ
ਲੋਕ ਸਭਾ ਚੋਣਾਂ ’ਚ ਬਹੁਤੇ ਸਿਆਸੀ ਨੇਤਾਵਾਂ ਨੂੰ ਆਪੋ-ਆਪਣੇ ਜੱਦੀ ਪਿੰਡਾਂ ਵਿੱਚੋਂ ਕਿਤੇ ਵੋਟਾਂ ਦੇ ਗੱਫੇ ਮਿਲੇ ਅਤੇ ਕਿਤੇ ਨਮੋਸ਼ੀ ਝੱਲਣੀ ਪਈ। ਜਿਨ੍ਹਾਂ ਦੇ ਜੱਦੀ ਪਿੰਡਾਂ ਨੇ ਆਪਣੀ ਗਰਾਈਂ ਦਾ ਮਾਣ ਨਹੀਂ ਰੱਖਿਆ, ਉਨ੍ਹਾਂ ਨੇਤਾਵਾਂ ਲਈ ਸਦਾ ਦਾ ਮਿਹਣਾ ਬਣ ਗਿਆ ਹੈ। ਬਹੁਗਿਣਤੀ ਉਮੀਦਵਾਰਾਂ ਦੇ ਰਾਹਾਂ ਵਿੱਚ ਜੱਦੀ ਪਿੰਡਾਂ ਨੇ ਸਿਰ ਹੀ ਝੁਕਾਇਆ ਹੈ। ਉਂਜ, ਇਨ੍ਹਾਂ ਪਿੰਡਾਂ ਨੇ ਦੂਜੀਆਂ ਧਿਰਾਂ ਲਈ ਦਰਵਾਜ਼ੇ ਵੀ ਬੰਦ ਨਹੀਂ ਕੀਤੇ। ਇਨ੍ਹਾਂ ਪਿੰਡਾਂ ਨੇ ਆਪਣਿਆਂ ਨੂੰ ਭਰ ਭਰ ਗੱਫੇ ਵਰਤਾਏ ਜਦੋਂ ਕਿ ਬੇਗਾਨਿਆਂ ਨੂੰ ਹੱਥ ਘੁੱਟ ਕੇ ਵੋਟ ਪਾਏ।
ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿੱਚੋਂ ‘ਆਪ’ ਨੂੰ ਸਭ ਤੋਂ ਵੱਧ 1106, ਸਿਮਰਨਜੀਤ ਸਿੰਘ ਮਾਨ ਨੂੰ 285, ਅਕਾਲੀ ਦਲ ਨੂੰ 71, ਭਾਜਪਾ ਨੂੰ 41 ਅਤੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 59 ਵੋਟਾਂ ਮਿਲੀਆਂ ਹਨ। ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਪਿੰਡ ਬਾਦਲ ਵਿੱਚੋਂ 1160, ਜਦੋਂਕਿ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 225, ਜੀਤਮਹਿੰਦਰ ਸਿੰਘ ਸਿੱਧੂ ਨੂੰ 377 , ਭਾਜਪਾ ਨੂੰ 44 ਅਤੇ ਲੱਖਾ ਸਧਾਣਾ ਨੂੰ 71 ਵੋਟਾਂ ਮਿਲੀਆਂ। ਉਧਰ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਜੱਦੀ ਪਿੰਡ ਖੁੱਡੀਆਂ ਗੁਲਾਬ ਸਿੰਘ ਨੇ ਆਪਣੇ ਗਰਾਈਂ ਨੂੰ ਸਭ ਤੋਂ ਵੱਧ 736 ਵੋਟਾਂ ਪਾਈਆਂ। ਇੱਥੋਂ ਅਕਾਲੀ ਦਲ ਨੂੰ 546, ਕਾਂਗਰਸ ਨੂੰ 64 ਅਤੇ ਭਾਜਪਾ ਨੂੰ 17 ਵੋਟਾਂ ਮਿਲੀਆਂ। ਵੱਡੇ ਬਾਦਲ ਦੇ ਸਹੁਰੇ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਜੋ ਕਿ ‘ਆਪ’ ਦੇ ਵਿਧਾਇਕ ਜਗਸੀਰ ਸਿੰਘ ਦਾ ਜੱਦੀ ਪਿੰਡ ਵੀ ਹੈ, ਵਿੱਚੋਂ ‘ਆਪ’ ਦੀ ਹੀ ਵੋਟ ਘੱਟ ਗਈ ਅਤੇ ਇਸ ਪਿੰਡ ਨੇ ਅਕਾਲੀ ਦਲ ਨੂੰ ਸਭ ਤੋਂ ਵੱਧ 1020, ਕਾਂਗਰਸ ਨੂੰ 272, ਭਾਜਪਾ ਨੂੰ 182 ਅਤੇ ‘ਆਪ’ ਨੂੰ 316 ਵੋਟਾਂ ਪਾਈਆਂ। ‘ਆਪ’ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੇ ਬੁਢਲਾਡਾ ਸਥਿਤ ਪੋਲਿੰਗ ਬੂਥ ਵਿੱਚੋਂ ‘ਆਪ’ ਨੂੰ ਚਾਰ ਵੋਟਾਂ ਘੱਟ ਮਿਲੀਆਂ ਹਨ। ਹਲਕਾ ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੇ ਜੱਦੀ ਪਿੰਡ ਜਗਾ ਰਾਮ ਤੀਰਥ ਵਿੱਚੋਂ ‘ਆਪ’ ਪਛੜ ਗਈ, ਜਿੱਥੋਂ ਅਕਾਲੀ ਦਲ ਨੂੰ ਸਭ ਤੋਂ ਵੱਧ 1330 ਅਤੇ ‘ਆਪ’ ਨੂੰ 844 ਵੋਟਾਂ ਮਿਲੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਵਿੱਚੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੂੰ 4278, ਭਾਜਪਾ ਨੂੰ 584, ਕਾਂਗਰਸ ਨੂੰ 585, ਅਕਾਲੀ ਦਲ ਨੂੰ 1747 ਅਤੇ ‘ਆਪ’ ਨੂੰ 1689 ਵੋਟਾਂ ਮਿਲੀਆਂ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਪਿੰਡ ਪੰਜਕੋਸੀ ਵਿੱਚ ਭਾਜਪਾ ਨੂੰ ਸਭ ਤੋਂ ਵੱਧ 1221, ਕਾਂਗਰਸ ਨੂੰ 224, ਅਕਾਲੀ ਦਲ ਨੂੰ 174 ਅਤੇ ‘ਆਪ’ ਨੂੰ 334 ਵੋਟਾਂ ਮਿਲੀਆਂ।
ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਜੱਦੀ ਪਿੰਡ ਮਲੂਕਾ ਵਿੱਚੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੂੰ 1266, ‘ਆਪ’ ਨੂੰ 791, ਅਕਾਲੀ ਦਲ ਨੂੰ 329 ਅਤੇ ਭਾਜਪਾ ਨੂੰ 798 ਵੋਟਾਂ ਮਿਲੀਆਂ। ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੇ ਜੱਦੀ ਪਿੰਡ ਧੀਰੋਵਾਲੀ ਵਿੱਚੋਂ 610 ਵੋਟਾਂ, ਅਕਾਲੀ ਦਲ ਨੂੰ 40, ‘ਆਪ’ ਨੂੰ 66 ਅਤੇ ਭਾਜਪਾ ਨੂੰ ਛੇ ਵੋਟਾਂ ਮਿਲੀਆਂ। ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਆਪਣੇ ਪੋਲਿੰਗ ਬੂਥਾਂ ਤੋਂ ਸਭ ਤੋਂ ਵੱਧ 712 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ‘ਆਪ’ ਨੂੰ 237 ਵੋਟਾਂ ਹਾਸਲ ਹੋਈਆਂ। ਫ਼ਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਆਪਣੇ ਜੱਦੀ ਪਿੰਡ ਮੋਹਨ ਕੀ ਉਤਾੜ ਵਿੱਚੋਂ ਭਾਜਪਾ ਨੂੰ ਸਭ ਤੋਂ ਵੱਧ 725 ਵੋਟਾਂ, ਜਦੋਂਕਿ ‘ਆਪ’ ਨੂੰ 298 ਵੋਟਾਂ ਮਿਲੀਆਂ। ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਪਿੰਡ ਵਲਟੋਹਾ ਵਿੱਚੋਂ 132, ਅੰਮ੍ਰਿਤਪਾਲ ਸਿੰਘ ਨੂੰ 196, ਕਾਂਗਰਸ ਨੂੰ 63, ‘ਆਪ’ ਨੂੰ 83 ਅਤੇ ਭਾਜਪਾ ਨੂੰ ਤਿੰਨ ਵੋਟਾਂ ਮਿਲੀਆਂ। ਸੁਖਪਾਲ ਸਿੰਘ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਵਿੱਚੋਂ ਕਾਂਗਰਸ ਨੂੰ 347 ਅਤੇ ‘ਆਪ’ ਨੂੰ 137 ਵੋਟਾਂ ਮਿਲੀਆਂ ਹਨ। ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ ਆਪਣੇ ਨਾਨਕੇ ਪਿੰਡ ਜਲਾਲ ਵਿੱਚੋਂ ਸਿਰਫ਼ 620 ਵੋਟਾਂ, ਮਿਲੀਆਂ ਹਨ।
ਬਰਗਾੜੀ ਵਿੱਚ ਅਕਾਲੀ ਦਲ ਦੀ ਝੰਡੀ
ਬੇਅਦਬੀ ਮਾਮਲੇ ’ਚ ਚਰਚਾ ਵਿੱਚ ਆਏ ਬਰਗਾੜੀ ਨੇ ਐਤਕੀਂ ਸ਼੍ਰੋਮਣੀ ਅਕਾਲੀ ਦਲ ਦਾ ਉਲਾਂਭਾ ਲਾਹ ਦਿੱਤਾ ਹੈ। ਬਰਗਾੜੀ ਵਿੱਚੋਂ ਸਭ ਤੋਂ ਵੱਧ ਅਕਾਲੀ ਉਮੀਦਵਾਰ ਨੂੰ 1333 ਵੋਟਾਂ ਮਿਲੀਆਂ ਹਨ ਜਦੋਂ ਕਿ ਕਾਂਗਰਸ ਨੂੰ 1201 ਅਤੇ ‘ਆਪ’ ਨੂੰ 737 ਵੋਟਾਂ ਮਿਲੀਆਂ। ਪੰਥਕ ਉਮੀਦਵਾਰ ਹੋਣ ਦੇ ਬਾਵਜੂਦ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੂੰ ਬਰਗਾੜੀ ਵਿੱਚੋਂ 872 ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਖ਼ਾਲਸਾ ਨੂੰ 147 ਵੋਟਾਂ ਮਿਲੀਆਂ ਹਨ। ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ‘ਆਪ’ ਨੂੰ ਸਭ ਤੋਂ ਵੱਧ 298 ਵੋਟਾਂ ਮਿਲੀਆਂ ਹਨ।