ਨਵੀਂ ਦਿੱਲੀ, 6 ਜੂਨ
ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿਚ ਗੋਲਡੀ ਬਰਾੜ ਖਿਲਾਫ਼ ਚਾਰਜਸ਼ੀਟ ਦਾਖ਼ਲ ਕਰਨ ਤੋਂ ਇਕ ਦਿਨ ਮਗਰੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਚੰਡੀਗੜ੍ਹ ਵਿਚ ਫਿਰੌਤੀ ਤੇ ਫਾਇਰਿੰਗ ਨਾਲ ਜੁੜੇ ਇਕ ਹੋਰ ਕੇਸ ਵਿਚ ਅੱਜ ਪੰਜਾਬ ਵਿਚ ਨੌਂ ਥਾਵਾਂ ’ਤੇ ਗੋਲਡੀ ਬਰਾੜ ਦੇ ਸਾਥੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਏਜੰਸੀ ਨੇ ਲੈਂਡਲਾਈਨ (0172-2682901) ਤੇ ਮੋਬਾਈਲ/ਵੱਟਸਐਪ ਨੰਬਰ(7743002947) ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਹਿਸ਼ਤਗਰਦ (ਗੋਲਡੀ) ਤੇ ਉਸ ਦੇ ਗਰੋਹ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ। ਐੱਨਆਈਏ ਨੇ ਮੁਹਾਲੀ, ਪਟਿਆਲਾ, ਹੁਸ਼ਿਆਰਪੁਰ ਤੇ ਫ਼ਤਿਹਗੜ੍ਹ ਸਾਹਿਬ ਸਣੇ ਹੋਰਨਾਂ ਥਾਵਾਂ ’ਤੇ ਛਾਪੇ ਮਾਰੇ। ਏਜੰਸੀ ਨੇ ਕਿਹਾ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਐੱਨਆਈਏ ਵੱਲੋਂ ਅੱਜ ਮਾਰੇ ਛਾਪੇ ਚੰਡੀਗੜ੍ਹ ਵਿਚ ਫਿਰੌਤੀ ਦੀ ਮੰਗ ਨੂੰ ਲੈ ਕੇ ਇਕ ਪੀੜਤ ਦੀ ਰਿਹਾਇਸ਼ ’ਤੇ ਚਲਾਈਆਂ ਗਈਆਂ ਗੋਲੀਆਂ ਨੂੰ ਲੈ ਕੇ ਦਰਜ ਕੇਸ ਨਾਲ ਸਬੰਧਤ ਹਨ। ਚੰਡੀਗੜ੍ਹ ਪੁਲੀਸ ਨੇ ਇਸ ਸਾਲ 20 ਜਨਵਰੀ ਨੂੰ ਕੇਸ ਦਰਜ ਕੀਤਾ ਸੀ ਤੇ 18 ਮਾਰਚ ਨੂੰ ਐੱਨਆਈਏ ਨੇ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਸੀ।
ਸ੍ਰੀ ਫ਼ਤਹਿਗੜ੍ਹ ਸਾਹਿਬ (ਅਜੈ ਮਲਹੋਤਰਾ): ਐੱਨਆਈਏ ਟੀਮਾਂ ਵੱਲੋਂ ਅੱਜ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ’ਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਚਾਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਐੱਨਆਈਏ ਟੀਮਾਂ ਨੇ ਭਾਵੇਂ ਇਨ੍ਹਾਂ ਛਾਪਿਆਂ ਨੂੰ ਲੈ ਕੇ ਕੋਈ ਜਵਾਬ ਨਹੀਂ ਦਿੱਤਾ, ਪਰ ਜਦੋ ਇਸ ਸਬੰਧੀ ਫ਼ਤਹਿਗੜ੍ਹ ਸਾਹਿਬ ਦੇ ਐੱਸਪੀ(ਜਾਂਚ) ਰਾਕੇਸ਼ ਯਾਦਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਨਾਲ ਜੁੜੇ ਕਿਸੇ ਮਾਮਲੇ ਦੀ ਤਫਤੀਸ਼ ਸਬੰਧੀ ਐੱਨਆਈਏ ਦੇ ਅਧਿਕਾਰੀ ਅੱਜ ਸਵੇਰੇ ਇੱਥੇ ਆਏ ਸਨ ਜੋ ਕਿ ਕੁਝ ਵਿਅਕਤੀਆਂ ਨੂੰ ਆਪਣੇ ਦਫਤਰ ਵਿੱਚ ਪੇਸ਼ ਹੋਣ ਦੇ ਨੋਟਿਸ ਦੇ ਕੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਪੰਜ ਗੱਡੀਆਂ ’ਚ ਸਵਾਰ ਹੋ ਕੇ ਆਏ ਐੱਨਆਈਏ ਅਧਿਕਾਰੀ ਅੱਜ ਤੜਕੇ ਕਰੀਬ 3 ਵਜੇ ਪਹਿਲਾਂ ਸਰਹਿੰਦ ਨੇੜਲੇ ਪਿੰਡ ਵਜ਼ੀਰ ਨਗਰ ਵਿਚ ਮਹੰਤ ਸੁਰਜੀਤ ਗਿਰੀ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਫੰਡਿੰਗ ਨੂੰ ਲੈ ਕੇ ਮਹੰਤ ਤੋਂ ਸਵਾਲ ਪੁੱਛੇ ਗਏ ਤੇ ਇਸ ਦੌਰਾਨ 4 ਗੱਡੀਆਂ ਸਰਹਿੰਦ ਆਈਆਂ ਜਿਨ੍ਹਾਂ ਵਿੱਚੋਂ ਇੱਕ ਟੀਮ ਸਰਹਿੰਦ ਸ਼ਹਿਰ ਵਿਚ ਮੋਹਿਤ ਨਾਂ ਦੇ ਨੌਜਵਾਨ ਦੇ ਘਰ ਪਹੁੰਚੀ। ਐੱਨਆਈਏ ਅਧਿਕਾਰੀ ਕਰੀਬ ਡੇਢ ਘੰਟਾ ਰੁਕੇ ਰਹੇ। ਇੱਕ ਟੀਮ ਸਰਹਿੰਦ ਸ਼ਹਿਰ ਵਿਚ ਰਹਿੰਦੇ ਗੁਰਦੀਪ ਸਿੰਘ ਪਿੰਟੂ ਦੇ ਘਰ ਵੀ ਪਹੁੰਚੀ ਤੇ ਪਿੰਟੂ ਤੋਂ ਇੱਕ ਸਿਮ ਕਾਰਡ ਸਬੰਧੀ ਸਵਾਲ ਪੁੱਛੇ ਗਏ।