ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਜੂਨ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰਕੇ ਕਾਂਗਰਸ ਹਾਈਕਮਾਂਡ ਨੂੰ ਵੱਡਾ ਝਟਕਾ ਦਿੱਤਾ ਹੈ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਜਾਂ ਕਿਸੇ ਵੀ ਹੋਰ ਢੰਗ ਨਾਲ ਚੋਣ ਪ੍ਰਚਾਰ ਵਿੱਚ ਹਿੱਸਾ ਨਹੀਂ ਲਿਆ ਜਦ ਕਿ ਉਸ ਦੇ ਸਮਰਥਕ ਆਖ਼ਰ ਤੱਕ ਕਹਿੰਦੇ ਰਹੇ ਕਿ 28 ਮਈ ਤੋਂ ਨਵਜੋਤ ਸਿੱਧੂ ਪੰਜਾਬ ਵਿੱਚ ਪ੍ਰਚਾਰ ਕਰਨ ਜ਼ਰੂਰ ਆਉਣਗੇ। ਦੂਜੇ ਪਾਸੇ ਪੰਜਾਬ ਕਾਂਗਰਸ ਨੇ ਦਿਖਾ ਦਿੱਤਾ ਹੈ ਕਿ ਉਹ ਸਿੱਧੂ ਤੋਂ ਬਿਨਾਂ ਵੀ ਲੜਾਈ ਲੜ ਸਕਦੇ ਹਨ।
ਨਵਜੋਤ ਸਿੱਧੂ ਕਰੀਬ 83 ਦਿਨਾਂ ਤੱਕ ਚੱਲੀ ਚੋਣ ਪ੍ਰਚਾਰ ਮੁਹਿੰਮ ਵਿੱਚੋਂ ਗਾਇਬ ਰਹੇ। ਉਹ ਨਾ ਤਾਂ ਕਿਸੇ ਚੋਣ ਮੰਚ ’ਤੇ ਨਜ਼ਰ ਆਏ ਅਤੇ ਨਾ ਹੀ ਕਿਸੇ ਉਮੀਦਵਾਰ ਲਈ ਵੋਟਾਂ ਮੰਗੀਆਂ। ਹਾਲਾਂਕਿ ਆਈਪੀਐੱਲ ਵੀ ਚੋਣ ਪ੍ਰਚਾਰ ਦੇ ਆਖ਼ਰੀ ਪੜਾਅ ’ਤੇ ਸਮਾਪਤ ਹੋ ਗਈ ਸੀ। ਸਿੱਧੂ ਰਾਹੁਲ ਗਾਂਧੀ ਦੀ ਪਟਿਆਲਾ ਰੈਲੀ ਵਿੱਚ ਵੀ ਨਜ਼ਰ ਨਹੀਂ ਆਏ। ਦੱਸਣਾ ਬਣਦਾ ਹੈ ਕਿ ਸਿੱਧੂ ਦੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ ਤੇ ਉਹ ਆਪਣੀ ਪਤਨੀ ਦੀ ਸਿਹਤ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਜਾਣਕਾਰੀ ਅਨੁਸਾਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਸਿੱਧੂ 15 ਮਾਰਚ ਨੂੰ ਆਪਣੇ ਆਗੂਆਂ ਸਣੇ ਰਾਜਪਾਲ ਨੂੰ ਮਿਲਣ ਚੰਡੀਗੜ੍ਹ ਪੁੱਜੇ ਸਨ। ਉਸ ਵੇਲੇ ਉਨ੍ਹਾਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ। ਸਿੱਧੂ ਨੇ ਜਨਵਰੀ ਤੋਂ ਹੀ ਪਾਰਟੀ ਤੋਂ ਦੂਰੀ ਬਣਾ ਲਈ ਸੀ। 9 ਜਨਵਰੀ ਨੂੰ ਜਦੋਂ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਚੰਡੀਗੜ੍ਹ ਆਏ ਤਾਂ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਸਿੱਧੂ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ ਇਸ ਦੌਰਾਨ ਸਿੱਧੂ ਚੰਡੀਗੜ੍ਹ ਦੇ ਹੋਟਲ ’ਚ ਪਾਰਟੀ ਇੰਚਾਰਜ ਨੂੰ ਮਿਲੇ ਸਨ।