ਨਵੀਂ ਦਿੱਲੀ, 7 ਜੂਨ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਰਾਹੁਲ ਗਾਂਧੀ ਨੂੰ ਲੋਕ ਸਭਾ ਚੋਣਾਂ ਦਾ ‘ਮੈਨ ਆਫ ਦਿ ਮੈਚ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਥਰੂਰ ਤਿਰੂਵਨੰਤਪੁਰਮ ਤੋਂ ਚੌਥੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਉਨ੍ਹਾਂ ਇਸ ਖ਼ਬਰ ਏਜੰਸੀ ਨੂੰ ਇੰਟਰਵਿਊ ਦੌਰਾਨ ਕਿਹਾ ਕਿ ਇਸ ਵਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਕੁੱਝ ਮੁੱਦਿਆਂ ’ਤੇ ‘ਮਜਬੂਰ ਸਰਕਾਰ’ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਗੱਠਜੋੜ ਦਾ ਹਿੱਸਾ ਬਣਨ ਵਾਲੀਆਂ ਪਾਰਟੀਆਂ ਨੂੰ ਹਰ ਗੱਲ ’ਤੇ ਸਹਿਮਤ ਹੋਣਾ ਪਵੇਗਾ।
ਥਰੂਰ ਨੇ ਕਿਹਾ ਕਿ ‘ਅਗਨੀਪਥ’ ਯੋਜਨਾ ’ਤੇ ਸਵਾਲ ਉਠਾਏ ਜਾ ਰਹੇ ਹਨ ਅਤੇ ਇਸ ਦਾ ਮੁੜ ਮੁਲਾਂਕਣ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਇਸ ਸਰਕਾਰ ਨੂੰ ਵੱਧ ਸਹਿਮਤੀ ਵਾਲਾ ਮਾਡਲ ਸ਼ਾਸਨ ਲਿਆਉਣਾ ਹੋਵੇਗਾ।
ਉਨ੍ਹਾਂ ਮੋਦੀ ਸਰਕਾਰ ’ਤੇ ਪਿਛਲੇ ਦਸ ਸਾਲਾਂ ਵਿੱਚ ਸੰਸਦ ਨੂੰ ਇੱਕ ਨੋਟਿਸ ਬੋਰਡ ਵਾਂਗ ਮੰਨਣ ਦਾ ਦੋਸ਼ ਲਾਇਆ। ਥਰੂਰ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਲਈ ਰਾਹੁਲ ਗਾਂਧੀ ਦੇ ਨਾਮ ਦੀ ਵਕਾਲਤ ਕੀਤੀ। ਉਨ੍ਹਾਂ ਆਮ ਚੋਣਾਂ ’ਚ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 99 ਹੋਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ‘‘ਸਾਨੂੰ ਦਿੱਲੀ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਵਿੱਚ ਸਾਰੀਆਂ ਸੀਟਾਂ ਹਾਰਨ ਦੀ ਉਮੀਦ ਨਹੀਂ ਸੀ। ਸਾਨੂੰ ਇਸ ਦੀ ਸਵੈ-ਪੜਚੋਲ ਕਰਨੀ ਹੋਵੇਗੀ।’’ -ਪੀਟੀਆਈ
ਥਰੂਰ ਨੇ ਅਗਲੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਦਿੱਤਾ ਸੰਕੇਤ
ਨਵੀਂ ਦਿੱਲੀ: ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਅਗਲੀਆਂ ਲੋਕ ਸਭਾ ਨਾ ਲੜਨ ਦਾ ਸੰਕੇਤ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਜਾਪਦਾ ਕਿ ਉਹ ਹੇਠਲੇ ਸਦਨ ਦੀ ਅਗਲੀ ਚੋਣ ਲੜ ਸਕਣਗੇ। ਥਰੂਰ ਨੇ ਜ਼ੋਰ ਦੇ ਕੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪਤਾ ਹੋਣਾ ਚਾਹੀਦੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆਉਣ ਲਈ ਕਦੋਂ ਪਾਸੇ ਹੋਣਾ ਹੈ। ਕੇਰਲ ਦੇ ਤਿਰੂਵਨੰਤਪੁਰਮ ਸੰਸਦੀ ਹਲਕੇ ਤੋਂ ਥਰੂਰ ਨੇ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੂੰ 16,077 ਵੋਟਾਂ ਨਾਲ ਹਰਾਇਆ ਹੈ। -ਪੀਟੀਆਈ