ਬੀਰਬਲ ਰਿਸ਼ੀ
ਸ਼ੇਰਪੁਰ, 7 ਜੂਨ
ਬਹਿਰੀਨ ’ਚ ਭੇਤ-ਭਰੀ ਹਾਲਤ ਵਿੱਚ ਮੌਤ ਦੇ ਮੂੰਹ ਪਈ ਆਪਣੀ ਧੀ ਦੀ ਲਾਸ਼ ਪੰਜਾਬ ਲਿਆਉਣ ਲਈ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਟਿੱਬਾ ਦੇ ਮਜ਼ਦੂਰ ਪਰਿਵਾਰ ਨੇ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨਾਲ ਮੁਲਾਕਾਤ ਕਰਕੇ ਮਦਦ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਏਜੰਟ ਤੋਂ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਧੀ ਹਰਜਿੰਦਰ ਕੌਰ ਨੇ ਖੁਦਕੁਸ਼ੀ ਕਰ ਲਈ ਹੈ ਪਰ ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਧੀ ਖੁਦਕੁਸ਼ੀ ਨਹੀਂ ਕਰ ਸਕਦੀ ਸਗੋਂ ਇਹ ਕਤਲ ਦਾ ਮਾਮਲਾ ਲੱਗਦਾ ਹੈ। ਇਸ ਤੋਂ ਪਹਿਲਾਂ ਹਰਜਿੰਦਰ ਕੌਰ ਦੇ ਮਾਪਿਆਂ ਨੇ ਭਾਰਤੀ ਦੂਤਾਘਰ, ਕੇਂਦਰ ਤੇ ਸੂਬਾ ਸਰਕਾਰ ਨੂੰ ਭੇਜੇ ਸੰਦੇਸ਼ ਵਿੱਚ ਮਾਮਲੇ ਦੀ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨਾਲ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਹੋਈ ਮੁਲਾਕਾਤ ਬਾਰੇ ‘ਹੋਪ ਫਾਰ ਮਹਿਲ ਕਲਾਂ’ ਦੇ ਕਨਵੀਨਰ ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਨੇ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਕੇਸ ਤਿਆਰ ਕਰਕੇ ਅੱਜ ਹੀ ਪੰਜਾਬ ਸਰਕਾਰ ਨੂੰ ਭੇਜਣ ਦੀ ਹਦਾਇਤ ਕੀਤੀ। ਇਸ ਮਗਰੋਂ ਇਸ ਮਜ਼ਦੂਰ ਪਰਿਵਾਰ ਨੇ ਮਦਦਗਾਰ ਬਣੇ ਐੱਸਡੀਐੱਮ ਧੂਰੀ ਅਮਿਤ ਗੁਪਤਾ ਨਾਲ ਮੁਲਾਕਾਤ ਕੀਤੀ ਜਿਸ ’ਤੇ ਸ੍ਰੀ ਗੁਪਤਾ ਨੇ ਹਰਜਿੰਦਰ ਕੌਰ ਦੀ ਲਾਸ਼ ਲਿਆਉਣ ਤੱਕ ਉਨ੍ਹਾਂ ਦੇ ਪੂਰੇ ਮਾਮਲੇ ’ਤੇ ਖੁਦ ਨਜ਼ਰ ਰੱਖਣ ਦਾ ਭਰੋਸਾ ਦਿੱਤਾ। ਮੀਟਿੰਗਾਂ ਦੌਰਾਨ ਹਰਜਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ, ਭਰਾ ਮਨਜਿੰਦਰ ਸਿੰਘ ਅਤੇ ਭਰਾ ਅਵਤਾਰ ਸਿੰਘ ਆਦਿ ਹਾਜ਼ਰ ਸਨ।