ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 7 ਜੂਨ
ਇੱਥੋਂ ਨੇੜਲੇ ਪਿੰਡ ਕੈਂਡ ਕੋਲ ਵੀਰਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਪਿਉ-ਪੁੱਤ ਕੰਮ ਤੋਂ ਪਰਤਦੇ ਸਮੇਂ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪਿੱਛੋਂ ਆ ਰਹੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਦੁਰਘਟਨਾ ਕਾਰਨ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ ਜਿਸ ਨਾਲ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਝੁਲਸ ਗਏ।
ਪਿੰਡ ਦਲੇਅ ਵਾਸੀ ਦਰਸ਼ਨ ਸਿੰਘ ਤੇ ਉਸ ਦਾ ਪੁੱਤਰ ਹਰਜਿੰਦਰ ਸਿੰਘ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ। ਹਾਲਤ ਗੰਭੀਰ ਹੋਣ ਕਾਰਨ ਪੁਲੀਸ ਹਾਲੇ ਜ਼ਖ਼ਮੀਆਂ ਦੇ ਬਿਆਨ ਨਹੀਂ ਦਰਜ ਕਰ ਸਕੀ ਹੈ। ਪੁਲੀਸ ਨੇ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਲਏ ਹਨ।
ਹਾਦਸੇ ਸਮੇਂ ਨੌਜਵਾਨਾਂ ਨੇ ਨੇੜਲੇ ਗੁਰਦੁਆਰੇ ਤੋਂ ਬਾਲਟੀਆਂ ਵਿੱਚ ਪਾਣੀ ਲਿਆ ਕੇ ਅੱਗ ਬੁਝਾਈ। ਇਸ ਸਦਕਾ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਥਾਣੇਦਾਰ ਸੁਭਾਸ਼ ਕਟਾਰੀਆ ਨੇ ਦੱਸਿਆ ਦਰਸ਼ਨ ਸਿੰਘ ਆਪਣੇ ਪੁੱਤਰ ਨੂੰ ਉਸ ਦੇ ਕੰਮ ਤੋਂ ਨਾਲ ਲੈ ਕੇ ਪਿੰਡ ਵਾਪਸ ਆ ਰਿਹਾ ਸੀ। ਉਹ ਆਪਣੇ ਪਿੰਡ ਨੂੰ ਜਾਣ ਵਾਲੇ ਰਸਤੇ ਕੋਲ ਰੁਕ ਗਏ ਤਾਂ ਪਿੱਛੋਂ ਆ ਰਹੇ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ।
ਸਥਾਨਕ ਗ੍ਰੀਨ ਐਵੇਨਿਊ ਦੇ ਰਜਤ ਸ਼ਰਮਾ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ’ਤੇ ਇਕੱਠੇ ਹੋਏ ਜ਼ਿਆਦਾਤਰ ਰਾਹਗੀਰਾਂ ਨੇ ਬਚਾਅ ਕਾਰਜਾਂ ਦੌਰਾਨ ਗ਼ੈਰ-ਜ਼ਿੰਮੇਵਾਰਾਨਾ ਵਤੀਰਾ ਦਿਖਾਇਆ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਅੱਗ ਲੱਗਣ ਵਾਲੇ ਵਾਹਨਾਂ ਤੋਂ ਦੂਰ ਸੁਰੱਖਿਅਤ ਥਾਵਾਂ ’ਤੇ ਲਿਜਾਣ ਵਿੱਚ ਮਦਦ ਕਰਨ ਦੀ ਬਜਾਇ ਕੁਝ ਰਾਹਗੀਰਾਂ ਨੇ ਹਾਦਸੇ ਦੀ ਵੀਡੀਓ ਬਣਾਉਣ ਨੂੰ ਤਰਜੀਹ ਦਿੱਤੀ।