ਮਿਹਰ ਸਿੰਘ
ਕੁਰਾਲੀ, 7 ਜੂਨ
ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਲੋਕ ਸਭਾ ਮੈਂਬਰ ਚੁਣੀ ਗਈ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਨਿੱਤਰੀ ਹੈ। ਕੁਲਵਿੰਦਰ ਕੌਰ ਦਾ ਸਾਥ ਦੇਣ ਦੇ ਐਲਾਨ ਕਰਦਿਆਂ ਮਿਸ਼ਨ ਦੇ ਆਗੂਆਂ ਨੇ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਧੱਕੇਸ਼ਾਹੀ ਖ਼ਿਲਾਫ਼ ਚਿਤਾਵਨੀ ਦਿੱਤੀ ਹੈ।
ਇਸ ਸਬੰਧੀ ਅੱਜ ਮਿਸ਼ਨ ਦੀ ਮੀਟਿੰਗ ਹੋਈ, ਜਿਸ ਵਿੱਚ ਹਾਜ਼ਰ ਆਗੂਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜ਼ੀਦਪੁਰ, ਮੇਜਰ ਸਿੰਘ ਸੰਗਤਪੁਰਾ, ਹਰਜੀਤ ਸਿੰਘ ਹਰਮਨ, ਅੱਛਰ ਸਿੰਘ ਕੰਸਾਲਾ, ਅਵਤਾਰ ਸਿੰਘ ਹੁਸ਼ਿਆਰਪੁਰ, ਛੋਟਾ ਸਿੰਘ ਮਾਜਰਾ, ਸਤਨਾਮ ਸਿੰਘ ਕੁਰਾਲੀ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਚੰਡੀਗੜ੍ਹ ਏਅਰਪੋਰਟ ’ਤੇ ਡਿਊਟੀ ਉੱਤੇ ਤਾਇਨਾਤ ਕੁਲਵਿੰਦਰ ਕੌਰ ਨੂੰ ਵੇਖ ਕੇ ਮੰਦਾ ਬੋਲਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਦਾ ਜਵਾਬ ਦੇ ਕੇ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਉਸ ਦੀਆਂ ਹਰਕਤਾਂ ਦਾ ਜਵਾਬ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਇਸ ਤੋਂ ਬੌਖਲਾਹਟ ਵਿੱਚ ਆਈ ਕੇਂਦਰ ਸਰਕਾਰ ਨੇ ਚੰਡੀਗੜ੍ਹ ਪੁਲੀਸ ਰਾਹੀਂ ਕੁਲਵਿੰਦਰ ਕੌਰ ’ਤੇ ਕੇਸ ਦਰਜ ਕਰਵਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਇਸ ਘਟਨਾ ਪਿੱਛੇ ਦੀ ਸਾਰੀ ਗੱਲਬਾਤ ਨੂੰ ਛੁਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਕੁਲਵਿੰਦਰ ਕੌਰ ਨਾਲ ਧੱਕਾ ਹੋਇਆ ਤਾਂ ਮਿਸ਼ਨ, ਕਿਸਾਨ ਮਜ਼ਦੂਰ ਅਤੇ ਸਮਾਜ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਲਈ ਮਜਬੂਰ ਹੋਵੇਗੀ।
ਪਡਿਆਲਾ ਨਿਵਾਸੀ ਵੱਲੋਂ ਇੱਕ ਲੱਖ ਦੀ ਮਦਦ ਦਾ ਐਲਾਨ
ਸ਼ਹਿਰ ਦੀ ਹੱਦ ਵਿੱਚ ਪੈਂਦੇ ਪਡਿਆਲਾ ਨਿਵਾਸੀ ਸ਼ਿਵਰਾਜ ਬੈਂਸ ਜੋ ਕਿ ਜ਼ੀਰਕਪੁਰ ਦੇ ਵੱਡੇ ਕਾਰੋਬਾਰੀ ਹਨ ਨੇ ਕੰਗਣਾ ਰਣੌਤ ’ਦੇ ਥੱਪੜ ਮਾਰਨ ਵਾਲੀ ਸੀਆਈਐੱਸਐੱਫ ਜਵਾਨ ਕੁਲਵਿੰਦਰ ਕੌਰ ਨੂੰ ਇੱਕ ਲੱਖ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸਮਾਜ ਸੇਵੀ ਸ਼ਿਵਰਾਜ ਬੈਂਸ ਨੇ ਇਹ ਐਲਾਨ ਆਪਣੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕੀਤਾ।