ਪੀ.ਪੀ. ਵਰਮਾ
ਪੰਚਕੂਲਾ, 7 ਜੂਨ
ਸਰਕਾਰੀ ਏਜੰਸੀ ਵੱਲੋਂ ਕਿਸਾਨਾਂ ਦੀ ਸੂਰਜਮੁਖੀ ਦੀ ਫ਼ਸਲ ਦੀ ਖ਼ਰੀਦ ਸੁਚਾਰੂ ਢੰਗ ਨਾਲ ਨਾ ਕੀਤੇ ਜਾਣ ਕਾਰਨ ਬਰਵਾਲਾ ਅਨਾਜ ਮੰਡੀ ਵਿੱਚ ਸੈਂਕੜੇ ਕਿਸਾਨਾਂ ਨੇ ਇਕਜੁੱਟ ਹੋ ਕੇ ਏਜੰਸੀ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਰਵਾਲਾ ਅਨਾਜ ਮੰਡੀ ਵਿੱਚ ਧਰਨਾ ਦਿੱਤਾ। ਆਪਣੀ ਸੂਰਜਮੁਖੀ ਦੀ ਫ਼ਸਲ ਮੰਡੀ ਵਿੱਚ ਲੈ ਕੇ ਆਏ ਕਿਸਾਨ ਬਲਜੀਤ ਸਿੰਘ ਗਾਜ਼ੀਪੁਰ, ਗੁਰਦਿਆਲ ਸਿੰਘ ਰਾਏਵਾਲੀ, ਗੁਰਮੀਤ ਸਿੰਘ ਗਨੀਖੇੜਾ, ਨਰਾਤਾ ਰਾਮ ਰਾਏਪੁਰਰਾਣੀਨੇ ਕਿਹਾ ਕਿ ਬਰਵਾਲਾ ਦੀ ਅਨਾਜ ਮੰਡੀ ਵਿੱਚ ਸਰਕਾਰੀ ਖ਼ਰੀਦ ਏਜੰਸੀ ਹੈਫੇਡ ਵੱਲੋਂ ਸੂਰਜਮੁਖੀ ਦੀ ਫ਼ਸਲ ਦੀ ਮੰਡੀਆਂ ਵਿੱਚ ਨਿਰਵਿਘਨ ਖ਼ਰੀਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।