ਕੇ.ਪੀ. ਸਿੰਘ
ਸਾਲਾਨਾ ਇਮਤਿਹਾਨ ਤੋਂ ਬਾਅਦ ਜਦੋਂ ਅੱਠਵੀਂ ਜਮਾਤ ਦਾ ਨਤੀਜਾ ਆਇਆ ਤਾਂ ਮਾਪਿਆਂ ਦਾ ਇਕਲੌਤਾ ਪੁੱਤਰ ਚੀਕੂ ਆਪਣੀ ਕਲਾਸ ਵਿੱਚੋਂ ਪਹਿਲੇ ਨੰਬਰ ’ਤੇ ਸੀ। ਪਹਿਲੇ ਨੰਬਰ ’ਤੇ ਆਉਣ ਦੀ ਖ਼ੁਸ਼ੀ ਦੇ ਨਾਲ-ਨਾਲ ਉਹ ਇਸ ਗੱਲ ਨੂੰ ਲੈ ਕੇ ਰੁਮਾਂਚਿਤ ਸੀ ਕਿ ਉਸ ਦੇ ਮੰਮੀ-ਡੈਡੀ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਕਲਾਸ ਵਿੱਚ ਫਸਟ ਆਇਆ ਤਾਂ ਉਸ ਨੂੰ ਮੋਬਾਈਲ ਫੋਨ ਮਿਲੇਗਾ। ਸ਼ਾਮ ਨੂੰ ਜਦੋਂ ਚੀਕੂ ਦੇ ਡੈਡੀ ਘਰ ਪਹੁੰਚੇ ਤਾਂ ਉਹ ਬਹੁਤ ਖ਼ੁਸ਼ ਸਨ। ਚੀਕੂ ਪਹਿਲਾਂ ਹੀ ਆਪਣੀ ਮੰਮੀ ਦੇ ਫੋਨ ਤੋਂ ਉਨ੍ਹਾਂ ਨੂੰ ਆਪਣੇ ਫਸਟ ਆਉਣ ਦੀ ਖ਼ੁਸ਼ਖ਼ਬਰੀ ਸੁਣਾ ਚੁੱਕਿਆ ਸੀ। ਪਿਤਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਚੀਕੂ ਨੇ ਉਨ੍ਹਾਂ ਨੂੰ ਮੋਬਾਈਲ ਫੋਨ ਵਾਲਾ ਕੀਤਾ ਵਾਅਦਾ ਯਾਦ ਕਰਵਾ ਦਿੱਤਾ। ਉਸੇ ਸ਼ਾਮ ਉਹ ਆਪਣੇ ਮਾਪਿਆਂ ਨਾਲ ਜਾ ਕੇ ਬਾਜ਼ਾਰ ਤੋਂ ਸਮਾਰਟ ਫੋਨ ਲੈ ਆਇਆ।
ਹੁਣ ਚੀਕੂ ਨੌਵੀਂ ਕਲਾਸ ਵਿੱਚ ਸੀ। ਉਸ ਦੇ ਬਹੁਤ ਘੱਟ ਦੋਸਤਾਂ ਕੋਲ ਮੋਬਾਈਲ ਫੋਨ ਸੀ। ਸਕੂਲ ਵਿੱਚ ਫੋਨ ਲਿਆਉਣ ਦੀ ਆਗਿਆ ਨਾ ਹੋਣ ਕਾਰਨ ਚੀਕੂ ਦਾ ਧਿਆਨ ਹਰ ਵੇਲੇ ਘਰ ਪਏ ਆਪਣੇ ਫੋਨ ਵਿੱਚ ਹੀ ਰਹਿੰਦਾ ਸੀ। ਜਦੋਂ ਹੀ ਉਹ ਸਕੂਲ ਤੋਂ ਛੁੱਟੀ ਕਰ ਕੇ ਘਰ ਪਹੁੰਚਦਾ ਤਾਂ ਉਹ ਵਰਦੀ ਬਦਲੇ ਬਿਨਾ ਹੀ ਫੋਨ ਲੈ ਕੇ ਬੈਠ ਜਾਂਦਾ। ਉਸ ਦੇ ਮੰਮੀ ਉਸ ਨੂੰ ਡਾਂਟਦੇ ਪਰ ਚੀਕੂ ’ਤੇ ਇਸ ਡਾਂਟ ਦਾ ਕੋਈ ਅਸਰ ਨਾ ਹੁੰਦਾ। ਮੰਮੀ ਉਸ ਨੂੰ ਰੋਟੀ ਦਿੰਦੀ ਪਰ ਉਸ ਦਾ ਧਿਆਨ ਫੋਨ ਵਿੱਚ ਹੀ ਲੱਗਿਆ ਰਹਿੰਦਾ ਅਤੇ ਫੋਨ ’ਤੇ ਖੇਡਾਂ ਖੇਡਦਾ ਹੋਇਆ ਉਹ ਨਾਲ-ਨਾਲ ਰੋਟੀ ਖਾਂਦਾ ਰਹਿੰਦਾ। ਰਾਤ ਨੂੰ ਜਦੋਂ ਸਾਰਾ ਪਰਿਵਾਰ ਰੋਟੀ ਖਾਣ ਲਈ ਬੈਠਦਾ ਤਾਂ ਉਹ ਉਦੋਂ ਵੀ ਪਲੇਟ ਦੇ ਨਾਲ ਫੋਨ ਰੱਖ ਕੇ ਚਲਾਉਂਦਾ ਰਹਿੰਦਾ। ਉਸ ਦੇ ਡੈਡੀ ਨੇ ਵੀ ਚੀਕੂ ਨੂੰ ਫੋਨ ਦੀ ਘੱਟ ਵਰਤੋਂ ਕਰਨ ਲਈ ਕਾਫ਼ੀ ਸਮਝਾਇਆ ਪਰ ਉਸ ’ਤੇ ਕੋਈ ਅਸਰ ਨਹੀਂ ਹੋਇਆ। ਲਾਡਲਾ ਹੋਣ ਕਾਰਨ ਉਸ ਦੇ ਮਾਪੇ ਉਸ ’ਤੇ ਜ਼ਿਆਦਾ ਸਖ਼ਤੀ ਵੀ ਨਹੀਂ ਕਰਦੇ ਸਨ। ਰਾਤ ਸਮੇਂ ਵੀ ਉਹ ਦੇਰ ਤੱਕ ਫੋਨ ਦੀ ਵਰਤੋਂ ਕਰਦਾ ਰਹਿੰਦਾ ਸੀ।
ਸਮਾਂ ਲੰਘਦਾ ਗਿਆ। ਲਗਾਤਾਰ ਮੋਬਾਈਲ ਫੋਨ ਵਰਤਣ ਕਾਰਨ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਅਤੇ ਅੱਖਾਂ ਵਿੱਚ ਹਲਕਾ ਦਰਦ ਵੀ ਹੋਣ ਲੱਗਿਆ। ਉਸ ਦੇ ਪਿਤਾ ਨੇ ਅੱਖਾਂ ਦੇ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਉਸ ਨੂੰ ਅੱਖਾਂ ਵਿੱਚ ਕੁਝ ਦਵਾਈਆਂ ਪਾਉਣ ਅਤੇ ਐਨਕ ਲਗਾਉਣ ਲਈ ਕਿਹਾ। ਇਸ ਤਰ੍ਹਾਂ ਇੱਕ ਸਾਲ ਬੀਤ ਗਿਆ। ਹੁਣ ਉਸ ਦੇ ਨੌਵੀਂ ਕਲਾਸ ਦੇ ਸਾਲਾਨਾ ਪੇਪਰ ਸਨ। ਚੀਕੂ ਨੇ ਆਪਣੇ ਵੱਲੋਂ ਪੇਪਰ ਬਹੁਤ ਵਧੀਆ ਕੀਤੇ। ਜਿਸ ਦਿਨ ਉਸ ਦਾ ਨਤੀਜਾ ਐਲਾਨਿਆ ਗਿਆ ਤਾਂ ਉਹ ਬਹੁਤ ਨਿਰਾਸ਼ ਹੋਇਆ। ਹਰ ਸਾਲ ਆਪਣੀ ਜਮਾਤ ਵਿੱਚ ਪਹਿਲੇ ਨੰਬਰ ’ਤੇ ਆਉਣ ਵਾਲਾ ਚੀਕੂ ਤੀਸਰੇ ਨੰਬਰ ’ਤੇ ਸੀ। ਸਕੂਲ ਤੋਂ ਘਰ ਆ ਕੇ ਉਹ ਹੋਰ ਵੀ ਜ਼ਿਆਦਾ ਉਦਾਸ ਸੀ। ਮੰਮੀ ਨੇ ਨਤੀਜੇ ਬਾਰੇ ਪੁੱਛਿਆ ਤਾਂ ਚੀਕੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਜਦੋਂ ਉਸ ਦੀ ਮੰਮੀ ਨੂੰ ਪਤਾ ਲੱਗਿਆ ਕਿ ਉਹ ਇਸ ਵਾਰ ਤੀਸਰੇ ਨੰਬਰ ’ਤੇ ਆਇਆ ਹੈ ਤਾਂ ਉਸ ਨੂੰ ਵੀ ਦੁੱਖ ਹੋਇਆ ਪਰ ਉਸ ਨੇ ਚੀਕੂ ਨੂੰ ਦਿਲਾਸਾ ਦਿੱਤਾ ਕਿ ਅਗਲੇ ਸਾਲ ਦਸਵੀਂ ਵਿੱਚ ਡਟ ਕੇ ਮਿਹਨਤ ਕਰੇ। ਉਸ ਦੇ ਪਿਤਾ ਵਾਰ-ਵਾਰ ਫੋਨ ਕਰ ਕੇ ਉਸ ਦੇ ਨਤੀਜੇ ਬਾਰੇ ਪੁੱਛਦੇ ਰਹੇ ਪਰ ਉਦਾਸ ਹੋਏ ਚੀਕੂ ਨੇ ਉਨ੍ਹਾਂ ਨਾਲ ਗੱਲ ਹੀ ਨਾ ਕੀਤੀ। ਸ਼ਾਮ ਨੂੰ ਉਸ ਦੇ ਪਿਤਾ ਘਰ ਆਏ ਤਾਂ ਉਨ੍ਹਾਂ ਨੂੰ ਚੀਕੂ ਦੇ ਨਤੀਜੇ ਦੀ ਜ਼ਿਆਦਾ ਖ਼ੁਸ਼ੀ ਨਹੀਂ ਹੋਈ।
ਅਗਲੇ ਦਿਨ ਚੀਕੂ ਦੇ ਪਿਤਾ ਉਸ ਨੂੰ ਦੱਸੇ ਬਿਨਾ ਉਸ ਦੇ ਮੁੱਖ ਅਧਿਆਪਕ ਨੂੰ ਮਿਲਣ ਉਸ ਦੇ ਘਰ ਗਏ। ਮੁੱਖ ਅਧਿਆਪਕ ਨੇ ਦੱਸਿਆ ਕਿ ਚੀਕੂ ਬਹੁਤ ਹੋਣਹਾਰ ਵਿਦਿਆਰਥੀ ਹੈ ਪਰ ਹੁਣ ਪਹਿਲਾਂ ਵਾਂਗ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਲੈ ਰਿਹਾ। ਜਦੋਂ ਉਸ ਦੇ ਪਿਤਾ ਨੇ ਮੁੱਖ ਅਧਿਆਪਕ ਨੂੰ ਘਰ ਵਿੱਚ ਚੀਕੂ ਦੇ ਹਰ ਵੇਲੇ ਮੋਬਾਈਲ ਫੋਨ ’ਤੇ ਰੁੱਝੇ ਹੋਣ ਬਾਰੇ ਦੱਸਿਆ ਤਾਂ ਗੱਲ ਇਸੇ ਨਤੀਜੇ ’ਤੇ ਪਹੁੰਚੀ ਕਿ ਮੋਬਾਈਲ ਫੋਨ ਦੀ ਲੋੜ ਤੋਂ ਵੱਧ ਵਰਤੋਂ ਕਾਰਨ ਚੀਕੂ ਪੜ੍ਹਾਈ ਵਿੱਚ ਪੱਛੜ ਰਿਹਾ ਹੈ। ਮੁੱਖ ਅਧਿਆਪਕ ਨੇ ਦੱਸਿਆ ਕਿ ਸਕੂਲ ਦੇ ਹੋਰ ਵੀ ਬਹੁਤ ਸਾਰੇ ਵਿਦਿਆਰਥੀ ਹਨ ਜੋ ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਆਪਣੀ ਸਹੀ ਲਿਆਕਤ ਨੂੰ ਸਾਹਮਣੇ ਨਹੀਂ ਲਿਆ ਪਾ ਰਹੇ। ਉਨ੍ਹਾਂ ਨੇ ਚੀਕੂ ਦੇ ਪਿਤਾ ਨੂੰ ਕਿਹਾ ਕਿ ਉਹ ਉਸ ਨੂੰ ਫੋਨ ਦੀ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕਰਨ।
ਅਗਲੇ ਦਿਨ ਸਕੂਲ ਦੀ ਸਭਾ ਵਿੱਚ ਮੁੱਖ ਅਧਿਆਪਕ ਨੇ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸੰਬੋਧਨ ਕੀਤਾ। ਉਨ੍ਹਾਂ ਦੇ ਸੰਬੋਧਨ ਦਾ ਵਿਸ਼ਾ ਮੋਬਾਈਲ ਫੋਨ ਸੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਬਾਈਲ ਦੇ ਫਾਇਦੇ ਗਿਣਾਏ। ਉਨ੍ਹਾਂ ਦੱਸਿਆ ਕਿ ਆਪਣੀ ਪੜ੍ਹਾਈ ਦੌਰਾਨ ਅਸੀਂ ਮੋਬਾਈਲ ’ਤੇ ਇੰਟਰਨੈੱਟ ਦੀ ਸਹਾਇਤਾ ਨਾਲ ਬਹੁਤ ਗਿਆਨ ਹਾਸਲ ਕਰ ਸਕਦੇ ਹਾਂ। ਗੂਗਲ ’ਤੇ ਹਰ ਸਵਾਲ ਦਾ ਜਵਾਬ ਉਪਲੱਬਧ ਹੈ। ਆਪਣਾ ਆਮ ਗਿਆਨ ਵਧਾਉਣ ਲਈ ਮੋਬਾਈਲ ਬਹੁਤ ਮਦਦਗਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੋਬਾਈਲ ਵਰਤਣ ਦਾ ਸਮਾਂ ਨਿਰਧਾਰਤ ਹੋਣਾ ਚਾਹੀਦਾ ਹੈ। ਲਗਾਤਾਰ ਫੋਨ ਵਰਤਣ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਪ੍ਰਭਾਵਿਤ ਹੁੰਦਾ ਹੈ ਅਤੇ ਉਮਰ ਵਧਣ ਦੇ ਨਾਲ ਉਨ੍ਹਾਂ ਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਫੋਨ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇ। ਆਪਣੇ ਸੰਬੋਧਨ ਮਗਰੋਂ ਉਨ੍ਹਾਂ ਵਿਦਿਆਰਥੀਆਂ ਨੂੰ ਹੱਥ ਖੜ੍ਹੇ ਕਰ ਕੇ ਮੋਬਾਈਲ ਦੀ ਸਿਰਫ਼ ਲੋੜ ਵੇਲੇ ਵਰਤੋਂ ਦਾ ਵਾਅਦਾ ਕਰਨ ਲਈ ਕਿਹਾ। ਚੀਕੂ ਨੇ ਸਭ ਤੋਂ ਪਹਿਲਾਂ ਹੱਥ ਖੜ੍ਹਾ ਕੀਤਾ।
ਰਾਤ ਨੂੰ ਜਦੋਂ ਉਹ ਆਪਣੇ ਮੰਮੀ-ਡੈਡੀ ਨਾਲ ਰੋਟੀ ਖਾਣ ਲਈ ਬੈਠਾ ਤਾਂ ਉਸ ਦਾ ਮੋਬਾਈਲ ਦੂਰ ਮੇਜ਼ ’ਤੇ ਪਿਆ ਸੀ। ਉਸ ਦੇ ਮੰਮੀ ਡੈਡੀ ਇਸ ਗੱਲ ਨੂੰ ਲੈ ਕੇ ਹੈਰਾਨ ਸਨ। ਇਸ ਤੋਂ ਪਹਿਲਾਂ ਕਿ ਉਹ ਚੀਕੂ ਨੂੰ ਇਸ ਦਾ ਕਾਰਨ ਪੁੱਛਦੇ ਤਾਂ ਚੀਕੂ ਆਪ ਹੀ ਬੋਲ ਪਿਆ, “ਅੱਜ ਸਕੂਲ ਵਿੱਚ ਸਾਡੇ ਵੱਡੇ ਸਰ ਨੇ ਮੋਬਾਈਲ ਦੇ ਫਾਇਦਿਆਂ ਦੇ ਨਾਲ ਇਸ ਦੇ ਨੁਕਸਾਨ ਬਾਰੇ ਦੱਸਿਆ ਸੀ। ਹੁਣ ਮੈਂ ਸਿਰਫ਼ ਜ਼ਰੂਰੀ ਕੰਮ ਲਈ ਹੀ ਫੋਨ ਵਰਤਿਆ ਕਰਾਂਗਾ।’’ ਉਸ ਦੀ ਇਹ ਗੱਲ ਸੁਣ ਕੇ ਉਸ ਦੇ ਮੰਮੀ-ਡੈਡੀ ਬਹੁਤ ਖ਼ੁਸ਼ ਹੋਏ।
“ਹੁਣ ਮੈਂ ਦਸਵੀਂ ਦੇ ਸਾਲਾਨਾ ਪੇਪਰਾਂ ਵਿੱਚ ਫਸਟ ਆ ਕੇ ਵਿਖਾਵਾਂਗਾ।’’ ਚੀਕੂ ਪੂਰੇ ਆਤਮ-ਵਿਸ਼ਵਾਸ ਨਾਲ ਬੋਲਿਆ। ਉਸ ਦੇ ਮਾਪਿਆਂ ਨੇ ਭਾਵੁਕ ਹੁੰਦਿਆਂ ਉਸ ਨੂੰ ਕਲਾਵੇ ਵਿੱਚ ਲੈ ਲਿਆ।
ਸੰਪਰਕ: 98765-82500