ਇੰਫਾਲ, 8 ਜੂਨ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਸ਼ੱਕੀ ਅਤਿਵਾਦੀਆਂ ਨੇ ਅੱਜ ਤੜਕੇ ਦੋ ਪੁਲੀਸ ਚੌਕੀਆਂ ਤੇ ਇੱਕ ਬੀਟ ਆਫਿਸ ਤੋਂ ਇਲਾਵਾ 70 ਤੋਂ ਵੱਧ ਘਰਾਂ ਨੂੰ ਅੱਗ ਲਾ ਦਿੱਤੀ। ਅੱਗਜ਼ਨੀ ਤੇ ਹਮਲਿਆਂ ਦੀਆਂ ਘਟਨਾਵਾਂ ਮਗਰੋਂ ਸੂਬਾ ਸਰਕਾਰ ਨੇ ਜਿਰੀਬਾਮ ਦੇ ਐੱਸਪੀ ਏ ਘਨਸ਼ਿਆਮ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਹੈ। ਪਰਸੋਨਲ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ, ਉਨ੍ਹਾਂ ਨੂੰ ਮਨੀਪੁਰ ਪੁਲੀਸ ਟਰੇਨਿੰਗ ਕਾਲਜ ਦੇ ਵਧੀਕ ਡਾਇਰੈਕਟਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਪੁਲੀਸ ਟਰੇਨਿੰਗ ਕਾਲਜ ਦੇ ਵਧੀਕ ਡਾਇਰੈਕਟਰ ਐੱਮ. ਪ੍ਰਦੀਪ ਸਿੰਘ ਨੂੰ ਜਿਰੀਬਾਮ ਜ਼ਿਲ੍ਹੇ ਦਾ ਐੱਸਐੱਸਪੀ ਲਾਇਆ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਅੱਜ ਤੜਕੇ ਜਿਰੀ ਮੁੱਖ ਅਤੇ ਚੋਟੋ ਬੇਕਰਾ ਚੌਕੀਆਂ ਤੇ ਗੋਆਖਲ ਵਣ ਬੀਟ ਆਫਿਸ ਨੂੰ ਅੱਗ ਲਗਾ ਦਿੱਤੀ।
ਉਨ੍ਹਾਂ ਦੱਸਿਆ ਕਿ ਪਹਾੜੀ ਖੇਤਰ ਦੇ ਸ਼ੱਕੀ ਹਥਿਆਰਬੰਦ ਅਤਿਵਾਦੀਆਂ ਨੇ ਜ਼ਿਲ੍ਹੇ ਦੇ ਲਾਮਤਾਈ ਖੂਨੌਊ, ਦਿਬੌਂਗ ਖੁਨੌਊ, ਨੁੰਖਲ ਅਤੇ ਬੇਗਰਾ ਪਿੰਡਾਂ ਵਿੱਚ ਹਨੇਰੇ ਦਾ ਫਾਇਦਾ ਉਠਾਉਂਦਿਆਂ ਕਈ ਹਮਲੇ ਕੀਤੇ ਅਤੇ 70 ਤੋਂ ਵੱਧ ਘਰਾਂ ਨੂੰ ਅੱਗ ਲਾ ਦਿੱਤੀ। ਹਾਲਾਂਕਿ, ਇਹ ਪਿੰਡ ਪਹਿਲਾਂ ਹੀ ਖ਼ਾਲੀ ਕਰਵਾਏ ਗਏ ਸਨ ਅਤੇ ਪਿੰਡ ਵਾਸੀਆਂ ਨੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੋਈ ਹੈ। ਪੁਲੀਸ ਨੇ ਦੱਸਿਆ ਕਿ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਵਿੱਚ ਸਹਾਇਤਾ ਲਈ 70 ਤੋਂ ਵੱਧ ਜਵਾਨਾਂ ਦੀ ਟੁਕੜੀ ਅੱਜ ਤੜਕੇ ਹਵਾਈ ਰਸਤੇ ਰਾਹੀਂ ਇੰਫਾਲ ਤੋਂ ਜਿਰੀਬਾਮ ਪਹੁੰਚਾਈ ਗਈ ਹੈ। ਇਸ ਦੌਰਾਨ ਇਨਰ (ਅੰਦਰੂਨੀ) ਮਨੀਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਨਵ-ਨਿਯੁਕਤ ਸੰਸਦ ਮੈਂਬਰ ਆਂਗੋਮਚਾ ਬਿਮਲ ਅਕੋਈਜਾਮ ਨੇ ਸੂਬਾ ਸਰਕਾਰ ਨੂੰ ਜਿਰੀਬਾਮ ਜ਼ਿਲ੍ਹੇ ਦੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ। ਅਕੋਈਜਾਮ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਜਿਰੀਬਾਮ ਦੇ ਜ਼ਿਲ੍ਹਾ ਅਧਕਾਰੀਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਹੋਰ ਬਲ ਭੇਜੇ ਗਏ ਹਨ।’’ -ਪੀਟੀਆਈ