ਹਰਜੀਤ ਸਿੰਘ ਪਰਮਾਰ
ਬਟਾਲਾ, 8 ਜੂਨ
ਨੇੜਲੇ ਪਿੰਡ ਚੰਦੂਮੰਝ ਵਿੱਚ ਦੋ ਧਿਰਾਂ ਦਰਮਿਆਨ ਚੱਲਦੀ ਆ ਰਹੀ ਪੁਰਾਣੀ ਰੰਜ਼ਿਸ਼ ਕਾਰਨ ਵੀਰਵਾਰ ਦੀ ਰਾਤ ਨੂੰ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਕਿਲਾ ਲਾਲ ਸਿੰਘ ਦੀ ਪੁਲੀਸ ਨੇ ਘਟਨਾ ਦੇ ਮੁੱਖ ਮੁਲਜ਼ਮ ਪਰਮਬੀਰ ਸਿੰਘ ਉਰਫ਼ ਨਾਨਕ ਅਤੇ ਉਸ ਦੇ ਭਰਾ ਸੁੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਪਿਸਤੌਲ ਅਤੇ 10 ਰੌਂਦ ਬਰਾਮਦ ਕੀਤੇ ਹਨ। ਇਸ ਸਬੰਧੀ ਸਬ-ਡਿਵੀਜ਼ਨ ਫਤਹਿਗੜ੍ਹ ਚੂੜੀਆਂ ਦੇ ਡੀਐੱਸਪੀ ਖੁਸ਼ਬੀਰ ਕੌਰ ਨੇ ਦੱਸਿਆ ਕਿ ਲੰਘੀ 6 ਜੂਨ ਨੂੰ ਦੇਰ ਰਾਤ ਮਦਨ ਮਸੀਹ ਵਾਸੀ ਪਿੰਡ ਡਾਲੇਚੱਕ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਿੰਡ ਚੰਦੂਮੰਝ ਗਿਆ ਸੀ ਅਤੇ ਉਥੇ ਦਾ ਪਰਮਬੀਰ ਸਿੰਘ ਉਰਫ਼ ਨਾਨਕ, ਉਸ ਦਾ ਭਰਾ ਸੁੰਦਰ ਸਿੰਘ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਸ ਦੇ ਪੰਜ ਗੋਲੀਆਂ ਲੱਗੀਆਂ, ਜਿਸ ਦਾ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਡੀਐੱਸਪੀ ਨੇ ਦੱਸਿਆ ਕਿ ਮਦਨ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਪਰਮਬੀਰ ਸਿੰਘ ਉਰਫ਼ ਨਾਨਕ, ਉਸ ਦੇ ਭਰਾ ਸੁੰਦਰ ਸਿੰਘ ਅਤੇ ਉਨ੍ਹਾਂ ਦੇ ਤਿੰਨ ਅਣਪਛਾਤੇ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਸੁਖਰਾਜ ਸਿੰਘ, ਥਾਣਾ ਕਿਲਾ ਲਾਲ ਸਿੰਘ ਦੇ ਐੱਸਐੱਚਓ ਸਤਪਾਲ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਪਰਮਬੀਰ ਸਿੰਘ ਅਤੇ ਉਸ ਦੇ ਭਰਾ ਸੁੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।