ਦਿਲਬਾਗ ਸਿੰਘ ਗਿੱਲ
ਅਟਾਰੀ, 8 ਜੂਨ
ਸੀਮਾ ਸੁਰੱਖਿਆ ਬਲ ਤੇ ਭਾਰਤੀ ਕਸਟਮ ਦੇ ਅਧਿਕਾਰੀਆਂ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਗਈ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿ ਤਸਕਰਾਂ ਵੱਲੋਂ ਅਟਾਰੀ ਸਰਹੱਦ ਨੇੜੇ ਆਈਸੀਪੀ ਤੇ ਉਸ ਨਾਲ ਲੱਗਦੀ ਸੜਕ ’ਤੇ ਸਥਿਤ ਸ਼ਿਵ ਮੰਦਿਰ ਨੇੜੇ ਪੀਲੇ ਰੰਗ ਦੀ ਟੇਪ ਵਿੱਚ ਲਪੇਟੀ ਹੋਈ ਕੋਈ ਵਸਤੂ ਪਈ ਹੈ ਜਿੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤ-ਪਾਕਿ ਦਰਮਿਆਨ ਹੁੰਦੀ ਰੀਟਰੀਟ ਸੈਰੇਮਨੀ ਦੇਖਣ ਲਈ ਸੈਲਾਨੀ ਲੰਘਦੇ ਹਨ। ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਅਤੇ ਭਾਰਤੀ ਕਸਟਮ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਸਰਚ ਅਪਰੇਸ਼ਨ ਦੌਰਾਨ ਪਾਕਿ ਤਸਕਰਾਂ ਵੱਲੋਂ ਡਰੋਨ ਰਾਹੀਂ ਪੀਲੀ ਟੇਪ ਵਿੱਚ ਲਪੇਟ ਕੇ ਸੁੱਟੀ ਗਈ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਅਧਿਕਾਰੀਆਂ ਵੱਲੋਂ ਹੈਰੋਇਨ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।