ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਜੂਨ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕੱਤਰਤਾ ’ਚ 2024 ਦੀਆਂ ਲੋਕ ਸਭਾ ਚੋਣਾਂ ’ਤੇ ਚਰਚਾ ਹੋਈ। ਲੋਕਾਂ ਵਲੋਂ ਦਿੱਤੇ ਫਤਵੇ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮਹਿਸੂਸ ਕੀਤਾ ਗਿਆ ਕਿ ਲੋਕਾਂ ਨੇ ਸਿਆਣਪ ਦਾ ਸਬੂਤ ਦਿੰਦੇ ਹੋਏ ਠੀਕ ਫ਼ੈਸਲਾ ਕੀਤਾ ਹੈ। ਸੂਝਵਾਨ ਲੋਕਾਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਲੋਕ ਜਦੋਂ ਸਮੂਹਿਕ ਤੌਰ ’ਤੇ ਹੁੰਗਾਰਾ ਦਿੰਦੇ ਹਨ ਤਾਂ ਠੀਕ ਪੈਂਤੜਾ ਲੈਂਦੇ ਹਨ, ਲੋਕ ਨਾ ਖ਼ਰੀਦੇ ਜਾ ਸਕਦੇ ਹਨ ਅਤੇ ਨਾ ਹੀ ਨਸ਼ਿਆਂ ਦੇ ਦਬਾਅ ਹੇਠ ਆਪਣੀ ਰਾਇ ਬਦਲਦੇ ਹਨ। ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਹਾਕਮਾਂ ਨੂੰ ਸੁਨੇਹਾ ਦਿੱਤਾ ਹੈ ਕਿ ਲੋਕਾਂ ਦੇ ਹਿਰਦੇ ਵਲੂੰਧਰੇ ਪਏ ਹਨ। ਲੋਕ ਨਾ ਸਾਕਾ ਨੀਲਾ ਤਾਰਾ ਭੁੱਲੇ ਹਨ, ਨਾ ਹੀ ’84 ਦੇ ਸਿੱਖ ਕਤਲੇਆਮ ਨੂੰ ਭੁੱਲੇ ਹਨ। ਖਡੂਰ ਸਾਹਿਬ ਅਤੇ ਫ਼ਰੀਦਕੋਟ ਸੀਟਾਂ ਉੱਪਰ ਲੋਕਾਂ ਨੇ ਇਹੀ ਸੁਨੇਹਾ ਦਿੱਤਾ ਹੈ। ਬਾਕੀ ਪੰਜਾਬ ’ਚ ਲੋਕਾਂ ਨੇ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ ਕਿ ਲੋਕਾਂ ਨੇ 92 ਵਿਧਾਇਕ ਇਸ ਕਰ ਕੇ ਨਹੀਂ ਜਿਤਾਏ ਸਨ ਕਿ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਗੱਲਾਂ ਦੇ ਕੜਾਹ ਨਾਲ ਹੀ ਡੰਗ ਟਪਾਇਆ ਜਾਵੇ। 2022 ’ਚ ਲੋਕਾਂ ਨੇ ਜਿਸ ਉਮੀਦ ਨਾਲ ਅਤੇ ਪੰਜਾਬ ਜਿਹੜੇ ਮਸਲਿਆਂ ਕਰ ਕੇ ਵੋਟਾਂ ਪਾਈਆਂ ਸਨ ਲੋਕ ਚਾਹੁੰਦੇ ਹਨ ਕਿ ਹਾਕਮ ਧਿਰ ਉਨ੍ਹਾਂ ਵੱਲ ਧਿਆਨ ਕੇਂਦਰਿਤ ਕਰ ਕੇ ਉਨ੍ਹਾਂ ਦਾ ਕੋਈ ਹੱਲ ਕਰੇ। ਪੰਜਾਬ ਦੇ ਮੁੱਦੇ ’ਤੇ ਸਿਆਸੀ ਹਾਲਾਤ ਦੇਸ਼ ਨਾਲੋਂ ਬਹੁਤ ਵੱਖਰੇ ਹਨ ਅਤੇ ਪੰਜਾਬੀਆਂ ਨੂੰ ਦਿੱਲੀ ਦਾ ਦਖ਼ਲ ਵੀ ਪਸੰਦ ਨਹੀਂ। ਲੋਕ ਚਾਹੁੰਦੇ ਹਨ ਕਿ ਮਾਨ ਸਰਕਾਰ ਪੰਜਾਬ ਦੀ ਨੁਮਾਇੰਦਗੀ ਕਰੇ ਨਹੀਂ ਤਾਂ 2027 ਬਹੁਤੀ ਦੂਰ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਹਨ ਕਿ ਭਾਜਪਾ ਹਾਰ ਗਈ ਹੈ, ਭੁਲੇਖੇ ’ਚ ਨਾ ਰਹਿਣ। ਭਾਜਪਾ ਹਾਰੀ ਨਹੀਂ ਆਪਦੇ ਮਿਸ਼ਨ ’ਚ ਕਾਮਯਾਬ ਹੋਈ ਹੈ। ਉਸ ਦੀ ਪਿੰਡਾਂ ਤੱਕ ਪਹੁੰਚ ਨਾਲ ਵੋਟ ਫ਼ੀਸਦੀ ’ਚ ਭਾਰੀ ਵਾਧਾ ਹੋਇਆ ਹੈ।