ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈਪੀਐੱਲ ਬਾਇਓਲੋਜੀਕਲ ਲਿਮਟਡ ਵੱਲੋਂ ਝੋਨਾ ਕਾਸ਼ਤਕਾਰਾਂ ਦੀਆਂ ਚੁਣੌਤੀਆਂ ਦੇ ਹੱਲ ਲਈ ਏਗੇਨੋਰ ਦਵਾਈ ਲਾਂਚ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ ਹੈ। ਪੀਏਯੂ ਵਿੱਚ ਅੱਜ ਹੋਏ ਇੱਕ ਸਮਾਗਮ ਦੌਰਾਨ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਇੱਕ ਅਤਿ-ਆਧੁਨਿਕ ਬਾਇਓ-ਫੰਗਸੀਸਾਈਡ ਹੈ ਜੋ ਝੋਨੇ ਦੇ ਬਾਕਾਨੇ ਰੋਗ, ਜਿਸ ਨੇ ਝੋਨੇ ਦੇ ਕਾਸ਼ਤਕਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਦੇ ਹੱਲ ਲਈ ਮੁਹਾਰਤ ਅਤੇ ਸਰੋਤਾਂ ਦੇ ਆਦਾਨ-ਪ੍ਰਦਾਨ ਦੀ ਸਹੂਲਤ ਪ੍ਰਦਾਨ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਨੂੰ ਪੀਏਯੂ ਦੇ ਵਿਗਿਆਨੀਆਂ ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਇਸ ਸਾਂਝੇਦਾਰੀ ਦਾ ਲਾਭ ਉਠਾਉਂਦੇ ਹੋਏ, ਆਈਪੀਐਲ ਬਾਇਓਲੋਜੀਕਲਜ਼ ਨੇ ਖੋਜ ਅਤੇ ਵਿਕਾਸ ਦੇ ਯਤਨਾਂ ਦੀ ਅਗਵਾਈ ਕੀਤੀ ਹੈ।
ਆਈਪੀਐੱਲ ਬਾਇਓਲੋਜੀਕਲਜ਼ ਦੇ ਚੇਅਰਮੈਨ ਹਰਸ਼ਵਰਧਨ ਭਾਗਚੰਦਕਾ ਨੇ ਕਿਹਾ ਕਿ ਪੀਏਯੂ ਨਾਲ ਇਹ ਸਹਿਯੋਗ ਕਿਸਾਨਾਂ ਲਈ ਟਿਕਾਊ ਹੱਲ ਪ੍ਰਦਾਨ ਕਰਨ ਲਈ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਉਤਪਾਦ ਬਾਕਾਨੇ ਦੀ ਬਿਮਾਰੀ ਨੂੰ ਕੰਟਰੋਲ ਕਰ ਕੇ ਅਤੇ ਫ਼ਸਲਾਂ ਦੀ ਪੈਦਾਵਾਰ ਵਿੱਚ ਸੁਧਾਰ ਕਰ ਕੇ ਝੋਨੇ ਦੇ ਕਾਸ਼ਤਕਾਰਾਂ ਨੂੰ ਲਾਭ ਪਹੁੰਚਾਵੇਗਾ।
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਨੇ ਦੱਸਿਆ ਕਿ ਉੱਤਰੀ ਭਾਰਤ ਵਿੱਚ ਬਾਸਮਤੀ ਚੌਲ ਉਗਾਉਣ ਵਾਲੇ ਖੇਤਰਾਂ ਵਿੱਚ, ਬਾਕਾਨੇ ਦੀ ਬਿਮਾਰੀ ਇੱਕ ਵੱਡੀ ਸਮੱਸਿਆ ਹੈ। ਇਸ ਮੌਕੇ ਡਾ. ਮੱਖਣ ਸਿੰਘ, ਡਾ. ਨਰਿੰਦਰ ਸਿੰਘ, ਡਾ. ਬਿੱਕਰ ਸਿੰਘ ਸਣੇ ਆਈਪੀਐਲ ਦੇ ਕਈ ਖੇਤੀ ਵਿਗਿਆਨੀ ਵੀ ਹਾਜ਼ਰ ਸਨ।