ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 9 ਜੂਨ
ਈਟੀਟੀ 5994 ਕਾਡਰ ਦੀ ਭਰਤੀ ਸਬੰਧੀ ‘ਪੇਪਰ-ਏ’ ਦੀ ਪ੍ਰੀਖਿਆ ਮਿਤੀ 28 ਜੁਲਾਈ ਰੱਖਣ ਤੋਂ ਨਰਾਜ਼ ਚੱਲ ਰਹੀ ਈਟੀਟੀ ਟੈੱਟ ਪਾਸ ਬੇਰੁਜਗਾਰ 5994 ਅਧਿਆਪਕ ਯੂਨੀਅਨ ਦੇ ਮੈਬਰਾਂ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਧਰਨਾ ਦਿੱਤਾ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਬੈਠ ਇਨ੍ਹਾਂ ਬੇਰੁਜ਼ਗਾਰਾਂ ਨੇ ਨਾਅਰੇਬਾਜ਼ੀ ਕੀਤੀ।
ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਬੰਟੀ ਕੰਬੋਜ, ਰਮੇਸ਼ ਅਬੋਹਰ, ਹਰੀਸ਼ ਫਾਜ਼ਿਲਕਾ, ਆਦਰਸ਼ ਅਬੋਹਰ ਤੇ ਅਸ਼ੋਕ ਬਾਵਾ ਸਮੇਤ ਹੋਰਨਾਂ ਨੇ ਦੱਸਿਆ ਕਿ ਅੱਜ ਲਾਏ ਧਰਨੇ ਦਾ ਮੁੱਖ ਮਕਸਦ ‘‘ਪੇਪਰ-ਏ’ ਦੀ ਪ੍ਰੀਖਿਆ ਮਿਤੀ 28 ਜੁਲਾਈ ਰੱਖਣਾ ਹੈ। ਪਿਛਲੇ ਸਮੇਂ ਦੌਰਾਨ ਯੂਨੀਅਨ ਆਗੂਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਇਹ ਪੇਪਰ ਜੂਨ ਮਹੀਨੇ ਦੇ ਅੰਦਰ-ਅੰਦਰ ਕਰਵਾਏ ਜਾਣ ਦਾ ਦਾਅਵਾ ਕੀਤਾ ਗਿਆ ਸੀ ਪਰ ਹੁਣ ਜਦੋਂ ਪੇਪਰ 5 ਜੂਨ 2024 ਨੂੰ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਪ੍ਰੀਖਿਆ ਦੀ ਮਿਤੀ ਲਗਪਗ ਦੋ ਮਹੀਨੇ ਅੱਗੇ 28 ਜੁਲਾਈ ਪਾ ਦਿੱਤੀ ਗਈ ਹੈ।